ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ਵਾਲੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਦੇ ਪਰਿਵਾਰ ਨੂੰ ਸ਼ੋਕ ਸੰਦੇਸ਼ ਭੇਜਿਆ ਹੈ। ਭਗਵੰਤ ਮਾਨ ਨੇ ਸਿੱਧੂ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਕੁੱਝ ਦਿਨ ਪਹਿਲਾਂ ਦਿਲ ਦਹਿਲਾਉਣ ਵਾਲੀ ਇਕ ਘਟਨਾ ‘ਚ ਆਪ ਜੀ ਦੇ ਸਪੁੱਤਰ ਸ਼ੁੱਭਦੀਪ ਸਿੰਘ, ਸਿੱਧੂ ਮੂਸੇਵਾਲਾ ਦੀ ਹੋਈ ਬੇਵਕਤੀ ਮੌਤ ਨੇ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਉਹ ਪਰਿਵਾਰ ਦੇ ਇਸ ਦੁੱਖ ‘ਚ ਸ਼ਾਮਲ ਹੁੰਦੇ ਹੋਏ ਵਿੱਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਨ। ਉਨ੍ਹਾਂ ਕਿਹਾ ਕਿ ਭਰ ਜਵਾਨੀ ‘ਚ ਪੁੱਤ ਦਾ ਇਸ ਦੁਨੀਆ ਤੋਂ ਰੁਖ਼ਸਤ ਹੋ ਜਾਣ ਦਾ ਦੁੱਖ ਜਿੱਥੇ ਪਰਿਵਾਰ ਲਈ ਅਸਹਿ ਹੈ, ਉੱਥੇ ਹੀ ਦੁਨੀਆ ਭਰ ‘ਚ ਉਨ੍ਹਾਂ ਨੂੰ ਚਾਹੁਣ ਵਾਲਿਆਂ ਲਈ ਇਹ ਡੂੰਘਾ ਸਦਮਾ ਅਤੇ ਨਾ ਪੂਰਿਆ ਜਾਣ ਵਾਲਾ ਘਾਟਾ ਹੈ। ਉਨ੍ਹਾਂ ਕਿਹਾ ਕਿ ਸ਼ੁੱਭਦੀਪ ਸਿੰਘ ਸਿੱਧੂ ਨੇ ਪੰਜਾਬੀ ਗਾਇਕੀ ਦੀ ਹੀ ਨਹੀਂ, ਸਗੋਂ ਪਿੰਡ ਮੂਸਾ ਦੀ ਮਿੱਟੀ ਦੀ ਖ਼ੁਸ਼ਬੂ ਨੂੰ ਹੱਦਾਂ-ਸਰਹੱਦਾਂ ਤੋਂ ਵੀ ਪਾਰ ਦੁਨੀਆ ਦੇ ਕੋਨੋ-ਕੋਨੇ ‘ਚ ਪਹੁੰਚਾਇਆ।
ਸਿੱਧੂ ਮੂਸੇਵਾਲਾ ਨੇ ਭਾਵੇਂ ਗਾਇਕ ਵੱਜੋਂ ਦੁਨੀਆ ‘ਚ ਨਾਮਣਾ ਖੱਟਿਆ ਪਰ ਆਪਣੇ ਜੱਦੀ ਕਿੱਤੇ ਖੇਤੀ ਨਾਲ ਜੁੜੇ ਰਹਿਣ ਅਤੇ ਆਖ਼ਰੀ ਦਮ ਤੱਕ ਮਾਪਿਆਂ ਦਾ ਪਰਛਾਵਾਂ ਬਣੇ ਰਹਿਣ ਦੀ ਵਿਲੱਖਣ ਜੀਵਨ ਜਾਂਚ ਸਦਕਾ ਹਜ਼ਾਰਾਂ ਨੌਜਵਾਨਾਂ ਦੇ ਦਿਲਾਂ ਨੂੰ ਟੁੰਬਿਆ।
ਉਨ੍ਹਾਂ ਕਿਹਾ ਕਿ ਪਰਿਵਾਰਿਕ ਮੈਂਬਰਾਂ ਅਤੇ ਸਾਕ-ਸਬੰਧੀਆਂ ਨਾਲ ਉਹ ਦਿਲੀ ਹਮਦਰਦੀ ਜ਼ਾਹਰ ਕਰਦਿਆਂ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਨ ਕਿ ਵਿੱਛੜੀ ਰੂਹ ਨੂੰ ਆਪਣੇ ਚਰਨਾਂ ‘ਚ ਸਦੀਵੀਂ ਨਿਵਾਸ ਦੇਣ ਅਤੇ ਭਾਣਾ ਮੰਨਣ ਦਾ ਬਲ ਬਖਸ਼ਣ। ਉਨ੍ਹਾਂ ਕਿਹਾ ਕਿ ਪੱਗ ਦੀ ਸ਼ਾਨ ਪੂਰੀ ਦੁਨੀਆ ‘ਚ ਉੱਚੀ ਕਰਨ ਵਾਲੇ ‘ਸਿੱਧੂ’ ਨੂੰ ਦੁਨੀਆ ਰਹਿੰਦੇ ਵੇਲਿਆਂ ਤੱਕ ਯਾਦ ਰੱਖੇਗੀ।
ਸਿੱਧੂ ਮੂਸੇਵਾਲਾ ਦੀ ਮਾਤਾ ਜੀ ਨੇ ਵੀ ਅੰਤਿਮ ਅਰਦਾਸ ਮੌਕੇ ਉੱਥੇ ਮੌਜੂਦ ਹਰ ਸ਼ਖਸ ਨੂੰ ਬੇਨਤੀ ਕੀਤੀ ਕਿ ਮੇਰੇ ਪੁੱਤ ਨੂੰ ਸ਼ਰਧਾਂਜਲੀ ਦੇਣ ਲਈ ਹਰ ਵਿਅਕਤੀ ਇੱਕ ਇੱਕ ਰੁੱਖ ਜ਼ਰੂਰ ਲਾਵੇ।ਉਸ ਰੁੱਖ ਨੂੰ ਦੇਖ ਕੇ ਹੀ ਮੇਰੇ ਮਨ ਨੂੰ ਕੁਝ ਸ਼ਾਂਤੀ ਮਿਲ ਸਕਦੀ ਹੈ।ਮਰਹੂਮ ਸ਼ੁੱਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੀ ਮਾਤਾ ਨੇ ਉਨ੍ਹਾਂ ਦੇ ਸਮਰਥਕਾਂ ਨੂੰ ਅਪੀਲ ਕੀਤੀ ਕਿ ਜੇਕਰ ਤੁਸੀਂ ਸਿੱਧੂ ਮੂਸੇਵਾਲਾ ਨੂੰ ਪਿਆਰ ਕਰਦੇ ਹੋ ਤਾਂ ਇੱਕ ਇੱਕ ਰੁੱਖ ਜ਼ਰੂਰ ਲਗਾਓ।
ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਜੀ ਨੇ ਲੋਕਾਂ ਨੂੰ ਸ਼ੁੱਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਅੰਤਿਮ ਅਰਦਾਸ ‘ਚ ਸ਼ਾਮਿਲ ਹੋਣ ‘ਤੇ ਸਾਰਿਆਂ ਦਾ ਧੰਨਵਾਦ ਕੀਤਾ।ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ਮੌਕੇ ਉਨ੍ਹਾਂ ਦੇ ਪਿਤਾ ਸ. ਬਲਾਕੌਰ ਸਿੰਘ ਨੇ ਦੱਸਿਆ ਕਿ ਕਿਵੇਂ ਦਾ ਸੀ ਸਿੱਧੂ ਮੂਸੇਵਾਲਾ ਸ਼ੁੱਭਦੀਪ ਇੱਕ ਸਿੱਧਾ- ਸਾਧਾ ਜਵਾਕ ਸੀ ।
ਢਾਈ ਸਾਲ ਦਾ ਸੀ ਜਦੋਂ ਮੈਂ ਨੌਕਰੀ ਕਰਦਾ ਸੀ… ਦੂਜੀ ਕਲਾਸ ਤੋਂ ਸਾਈਕਲ ਲੈ ਕੇ ਦਿੱਤਾ ਤੇ 12ਵੀਂ ਤੱਕ ਸਾਈਕਲ ‘ਤੇ ਪੜ੍ਹਿਆ, ਉਹ 24 ਕਿਲੋਮੀਟਰ ਸਾਈਕਲ ‘ਤੇ ਪੜ੍ਹਨ ਜਾਂਦਾ ਸੀ ।ਜਿਨ੍ਹਾਂ ਹਾਲਾਤਾਂ ‘ਚ ਮੈਂ ਬੱਚੇ ਨੂੰ ਲੈ ਕੇ ਆਇਆ। ਬੱਚੇ ਨੇ ਆਪਣੀ ਮਿਹਨਤ ਨਾਲ ਪੜ੍ਹਾਈ ਕੀਤੀ ਫ਼ਿਰ ਆਈਲੈਟਸ ਕਰਕੇ ਬਾਹਰ ਚੱਲਿਆ ਗਿਆ ਇਸ ਬੱਚੇ ਨੇ ਕਦੇ ਮੈਨੂੰ ਤੰਗ ਨਹੀਂ ਕੀਤਾ। ਸ਼ੁੱਭਦੀਪ ਦੀ ਜ਼ਿੰਦਗੀ ਸੰਘਰਸ਼ ਨਾਲ ਭਰੀ ਹੋਈ ਹੈ। ਮੈਨੂੰ ਤਾਂ ਇਹ ਵੀ ਨਹੀਂ ਪਤਾ ਮੇਰੇ ਬੱਚੇ ਦਾ ਕਸੂਰ ਕੀ ਹੈ ?