ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਹਰਿਆਣਾ ਪਿਹੋਵਾ ਦੀ ਰਹਿਣ ਵਾਲੀ ਡਾ.ਗੁਰਪ੍ਰੀਤ ਕੌਰ ਅੱਜ ਵਿਆਹ ਦੇ ਬੰਧਨ ‘ਚ ਬੱਝ ਗਏ। ਜਿਸ ਤੋਂ ਬਾਅਦ ਪੂਰੇ ਪੰਜਾਬ ‘ਚ ਖੁਸ਼ੀ ਦਾ ਮਾਹੌਲ ਹੈ ਤੇ ਸੀ.ਐੱਮ ਮਾਨ ਦੇ ਪਿੰਡ ਸਤੌਜ ‘ਚ ਵੀ ਲੋਕ ਭੰਗੜੇ ਪਾਉਂਦੇ ਦਿਖਾਈ ਦੇ ਰਹੇ ਹਨ। ਪਿੰਡ ਦੇ ਲੋਕ ਸਰਦਾਰ ਭਗਵੰਤ ਸਿੰਘ ਮਾਨ ਦੇ ਵਿਆਹ ਦੀ ਖੁਸ਼ੀ ‘ਚ ਡੀ.ਜੇ. ‘ਤੇ ਨੱਚਦੇ ਦਿਖਾਈ ਦੇ ਰਹੇ ਹਨ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤਕ ਸੀ.ਐੱਮ ਭਗਵੰਤ ਮਾਨ ਦੇ ਵਿਆਹ ਦੀ ਖੁਸ਼ੀ ਦੇਖੀ ਜਾ ਰਹੀ ਹੈ ਜੋ ਕਿ ਉਹ ਡੀ.ਜੇ. ‘ਤੇ ਭੰਗੜਾ ਪਾ ਕੇ ਬਿਆਨ ਕਰ ਰਹੇ ਹਨ ਤੇ ਹੁਣ ਔਰਤਾਂ ਵੱਲੋਂ ਵੀ ਪੰਜਾਬੀ ਗਿੱਧਾ ਪਾ ਕੇ ਜਸ਼ਨ ਮਨਾਉਣ ਦੀ ਇਕ ਵੀਡੀਓ ਦੇਖਣ ਨੂੰ ਮਿਲੀ ਹੈ। ਪਿੰਡ ਦੀਆਂ ਔਰਤਾਂ ਚੌਪਾਲ ‘ਤੇ ਇਕੱਠੇ ਹੋ ਕੇ ਪੰਜਾਬੀ ਗਿੱਧਾ ਤੇ ਬੋਲੀਆਂ ਪਾ ਕੇ ਸੀ.ਐੱਮ. ਭਗਵੰਤ ਮਾਨ ਦੇ ਵਿਆਹ ਦੀਆਂ ਖੁਸ਼ੀਆਂ ਮਨਾ ਰਹੀਆਂ ਹਨ।
ਦੱਸ ਦੇਈਏ ਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਆਹ ਹਰਿਆਣਾ ਦੇ ਪਿਹੋਵਾ ਦੀ ਰਹਿਣ ਵਾਲੀ ਡਾਕਟਰ ਗੁਰਪ੍ਰੀਤ ਕੌਰ ਨਾਲ ਹੋਇਆ ਹੈ। ਮੁੱਖ ਮੰਤਰੀ ਦੇ ਵਿਆਹ ਦੀਆਂ ਸਾਰੀਆਂ ਰਸਮਾਂ ਬਹੁਤ ਸਾਦੇ ਢੰਗ ਨਾਲ ਹੋਈਆਂ। ਮੁੱਖ ਮੰਤਰੀ ਮਾਨ ਨਾਲ ਲਾਵਾਂ ਲੈਣ ਤੋਂ ਪਹਿਲਾਂ ਗੁਰਪ੍ਰੀਤ ਕੌਰ ਨੇ ਟਵੀਟ ਕਰਕੇ ਇਕ ਤਸਵੀਰ ਸਾਂਝੀ ਕੀਤੀ ਸੀ। ਉਨ੍ਹਾਂ ਤਸਵੀਰ ਸਾਂਝੀ ਕਰਦਿਆਂ ਲਿਖਿਆ ਸੀ, ‘ਦਿਨ ਸ਼ਗਨਾਂ ਦਾ ਚੜ੍ਹਿਆ’।
ਭਗਵੰਤ ਸਿੰਘ ਮਾਨ ਦੇ ਡਾ. ਗੁਰਪ੍ਰੀਤ ਕੌਰ ਨਾਲ ਮੁੱਖ ਮੰਤਰੀ ਸਰਕਾਰੀ ਰਿਹਾਇਸ਼ ’ਤੇ ਆਨੰਦ ਕਾਰਜ ਹੋਏ।ਵਿਆਹ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਮੁੱਖ ਮੰਤਰੀ ਮਾਨ ਦੇ ਪਿਤਾ ਦੀਆਂ ਰਸਮਾਂ ਨਿਭਾਈਆਂ ਗਈਆਂ, ਜਦਕਿ ਮੁੱਖ ਮੰਤਰੀ ਦਾ ਭਾਣਜਾ ਉਨ੍ਹਾਂ ਦਾ ਸਰਬਾਲਾ ਬਣਿਆ।