ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਸਰਕਾਰ ‘ਤੇ ਜੋਰਦਾਰ ਹਮਲਾ ਬੋਲਿਆ ਹੈ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿਆਹ ਦਾ ਪ੍ਰਪੰਚ ਰਚਣ ਪਿੱਛੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਛੜਯੰਤਰ ਲੋਕਾਂ ਦਾ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਰਚਿਆ ਗਿਆ ਹੈ। ਸਰਦਾਰ ਗੜ੍ਹੀ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਓਹਨਾ ਦੀ ਜੀਵਨ ਸੰਗਿਨੀ ਡਾ ਗੁਰਪ੍ਰੀਤ ਕੌਰ ਨੂੰ ਵਿਆਹ ਦੀ ਵਧਾਈ ਦਿੰਦੀ ਹੈ। ਪ੍ਰੰਤੂ ਸਾਡਾ ਮੰਨਣਾ ਹੈ ਕਿ ਵਿਆਹ ਪਿੱਛੇ ਆਮ ਆਦਮੀ ਪਾਰਟੀ ਦਾ ਅਸਲ ਮਕਸਦ ਪੰਜਾਬੀਆਂ ਦਾ ਧਿਆਨ ਭਟਕਾਉਣਾ ਹੈ।
ਗੜ੍ਹੀ ਨੇ ਜਾਣਕਾਰੀ ਸਾਂਝੀ ਕਰਦਿਆ ਕਿਹਾ ਕਿ ਜੁਲਾਈ 5 ਨੂੰ ਪੰਜਾਬ ਦਾ ਚੀਫ਼ ਸੈਕਟਰੀ ਸ਼੍ਰੀ ਵਿਜੈ ਕੁਮਾਰ ਜੰਜੂਆ ਨੂੰ ਘੋਸ਼ਿਤ ਕੀਤਾ ਗਿਆ। 6 ਜੁਲਾਈ ਨੂੰ ਸਵੇਰੇ ਹੀ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਵਿਆਹ ਦੀ ਖ਼ਬਰ ਪ੍ਰਸਾਰਿਤ ਕੀਤੀ ਜਾਂਦੀ ਹੈ ਤੇ 7 ਜੁਲਾਈ ਵਿਆਹ ਦੀਆ ਖ਼ਬਰਾਂ ਨਾਲ ਪੰਜਾਬ ਦੇ ਲੋਕਾਂ ਨੂੰ ਕੰਨ-ਰਸ ਨਾਲ ਮਦਹੋਸ਼ ਕਰ ਦਿੱਤਾ ਜਾਂਦਾ ਹੈ। ਜਦੋਂਕਿ ਇਹਨਾਂ ਤਿੰਨ ਦਿਨਾਂ ਵਿਚ ਸੂਬੇ ਦੇ ਪ੍ਰਸ਼ਾਸ਼ਨ ਵਿਚ ਵੱਡਾ ਘਾਲ਼ਾ-ਮਾਲ਼ਾ ਕਰ ਦਿੱਤਾ ਜਾਂਦਾ ਹੈ।
ਗੜ੍ਹੀ ਨੇ ਕਿਹਾ ਕਿ ਕਿਸੀ ਵੀ ਸੂਬੇ ਵਿਚ ਪ੍ਰਸ਼ਾਸ਼ਨ ਦਾ ਮੁਖੀ ਸੂਬੇ ਦਾ ਚੀਫ਼ ਸੈਕਟਰੀ ਹੁੰਦਾ ਹੈ। ਸਰਕਾਰ ਵਲੋਂ ਨਿਯੁਕਤ ਚੀਫ਼ ਸੈਕਟਰੀ ਵਿਜੇ ਕੁਮਾਰ ਜੰਜੂਆ 2009 ਵਿਚ ਇੰਡਸਟਰੀ ਵਿਭਾਗ ਦਾ ਡਾਇਰੈਕਟਰ ਸੀ ਜਦੋਂ ਪੰਜਾਬ ਵਿਜੀਲੈਂਸ ਬਿਊਰੋ ਨੇ 2ਲੱਖ ਦੀ ਨਗਦੀ ਰਿਸ਼ਵਤ ਦੇ ਦੋਸ਼ਾਂ ਵਿਚ 9 ਨਵੰਬਰ 2009 ਨੂੰ ਫੜਿਆ ਸੀ। ਮਿਤੀ 11 ਨਵੰਬਰ 2009 ਨੂੰ ਮੌਜੂਦਾ ਸ਼੍ਰੀ ਵਿਜੇ ਜੰਜੂਆ ਨੂੰ ਨੌਕਰੀ ਤੋਂ ਸਸਪੈਂਡ ਕੀਤਾ ਗਿਆ। ਇਹ ਕੇਸ 2017 ਤੋਂ ਬਾਅਦ ਕਾਂਗਰਸ ਦੀ ਸਰਕਾਰ ਆਉਣ ਤੱਕ ਲੰਬਾ ਖਿੱਚਿਆ ਗਿਆ। ਜੰਜੂਆ ਨੇ ਰਿਸ਼ਵਤਖੋਰੀ ਦੇ ਕੇਸ ਵਿੱਚ ਪ੍ਰੋਸੀਕਿਉਏਸ਼ਨ ਸੈਂਕਸ਼ਨ ਲਈ ਕੇਂਦਰ ਦੀ ਮਨਜ਼ੂਰੀ ਦੀ ਮੰਗ ਕੀਤੀ, ਜਿਸ ਸਬੰਧੀ ਸਿੰਗਲ ਬੈਂਚ, ਫਿਰ ਡਿਵੀਜ਼ਨ ਬੈਂਚ, ਤੇ ਫਿਰ ਕੇਂਦਰ ਦੀ ਟੇਬਲ ਤੇ ਕੇਸ ਮਨਜੂਰੀ ਲਈ ਪਿਆ ਰਿਹਾ। ਕਾਂਗਰਸ ਦੀ ਸਰਕਾਰ ਨੇ 2017 ਤੋਂ ਬਾਅਦ ਇਹ ਕੇਸ ਨੂੰ ਅੱਗੇ ਵਧਾਉਣ ਦੀ ਲੋੜ ਨਹੀਂ ਦੇ ਆਧਾਰ ਤੇ ਰੋਕ ਦਿੱਤਾ।
ਗੜ੍ਹੀ ਨੇ ਕਿਹਾ ਕਿ ਵਿਜੇ ਕੁਮਾਰ ਜੰਜੂਆ ਅੱਜ ਵੀ ਕਾਨੂੰਨ ਦੀ ਨਜ਼ਰ ਵਿਚ ਬੇਦੋਸ਼ੇ ਸਾਬਿਤ ਨਹੀ ਹੋਏ ਹਨ। ਸ਼੍ਰੀ ਜੰਜੂਆ ਜੀ ਦੀ ਚੀਫ਼ ਸੈਕਟਰੀ ਦੇ ਅਹੁਦੇ ਤੇ ਨਿਜੁਕਤੀ ਨਾਲ ਆਮ ਆਦਮੀ ਪਾਰਟੀ ਦੀ ਭਿਰੀਸ਼ਟਾਚਾਰ ਵਿਰੋਧੀ ਡਰਾਮੇਬਾਜੀ ਬੇਨਕਾਬ ਹੋਈ ਹੈ। ਹੁਣ ਮੁੱਖ ਮੰਤਰੀ ਭਗਵੰਤ ਮਾਨ ਇਹ ਕਹਿਕੇ ਬਚ ਨਹੀਂ ਸਕਦੇ ਕਿ ਰਿਸ਼ਵਤ ਓਸ ਲਈ ਸਲਫ਼ਾਸ ਦੀ ਗੋਲੀ ਹੈ। ਹੁਣ ਤਾਂ ਪ੍ਰਸ਼ਾਸ਼ਨ ਮੁਖੀ ਚੀਫ਼ ਸੈਕਟਰੀ ਹੀ ਰਿਸ਼ਵਤ ਦੇ ਦੋਸ਼ਾਂ ਵਿਚ ਘਿਰਿਆ ਹੋਇਆ ਨਿਜੁਕਤ ਕੀਤਾ ਹੈ। ਪੰਜਾਬ ਦੇ ਸਰਕਾਰੀ ਪ੍ਰਸ਼ਾਸ਼ਨ ਵਿਚ ਭਿਰਿਸ਼ਟਤੰਤਰ ਦੀ ਨਿਯੁਕਤੀ ਰਿਸ਼ਵਤਖੋਰੀ ਨੂੰ ਵਧਾ ਸਕਦੀ ਹੈ, ਖਤਮ ਨਹੀਂ ਕਰ ਸਕਦੀ।