ਪੰਜਾਬ ਸੀਐੱਮ ਭਗਵੰਤ ਮਾਨ ਦਾ ਗੁਜਰਾਤ ਦੌਰਾ ਸਰਕਾਰੀ ਖਜ਼ਾਨੇ ‘ਤੇ ਭਾਰੀ ਪੈ ਗਿਆ ਹੈ।ਮਾਨ ਨੇ ਗੁਜਰਾਤ ਦੇ ਲਈ ਪ੍ਰਾਈਵੇਟ ਏਅਰਕ੍ਰਾਫਟ ਹਾਇਰ ਕੀਤਾ ਸੀ।ਜਿਸ ਦੇ ਬਦਲੇ ਸਿਵਿਲ ਏਵੀਏਸ਼ਨ ਵਿਭਾਗ ਨੇ 44.85 ਲੱਖ ਦਾ ਬਿੱਲ ਖਜ਼ਾਨੇ ਨੂੰ ਭੇਜਿਆ ਹੈ।ਬਠਿੰਡਾ ਦੇ ਆਰਟੀਆਈ ਐਕਟੀਵਿਸਟ ਹਰਮਿਲਾਪ ਗ੍ਰੇਵਾਲ ਨੇ ਇਹ ਜਾਣਕਾਰੀ ਮੰਗੀ ਸੀ।
ਇਸ ਨੂੰ ਲੈ ਕੇ ਮਾਨ ਹੁਣ ਵਿਰੋਧੀਆਂ ਦੇ ਨਿਸ਼ਾਨੇ ਆ ਗਏ ਹਨ।ਕਾਂਗਰਸ ਨੇ ਮਾਨ ਸਰਕਾਰ ਤੋਂ ਪੁੱਛਿਆ ਕਿ ਕੀ ਇਹੀ ਉਹ ਬਦਲਾਅ ਅਤੇ ਇਨਕਲਾਬ ਹੈ?ਜਿਸਦਾ ਵਾਅਦਾ ਉਨ੍ਹਾਂ ਨੇ ਚੋਣ ਪ੍ਰਚਾਰ ਦੌਰਾਨ ਕੀਤਾ ਸੀ।ਸੀਐੱਮ ਭਗਵੰਤ ਮਾਨ 1 ਤੋਂ 3 ਅਪ੍ਰੈਲ ਨੂੰ ਗੁਜਰਾਤ ਦੌਰੇ ‘ਤੇ ਗਏ ਸਨ।ਜਿੱਥੇ ਦਿੱਲੀ ਸੀਐੱਮ ਅਰਵਿੰਦ ਕੇਜਰੀਵਾਲ ਵੀ ਉਨ੍ਹਾਂ ਦੇ ਨਾਲ ਸਨ।
ਦੋਵਾਂ ਨੇ ਦਸੰਬਰ ‘ਚ ਹੋਣ ਵਾਲੇ ਗੁਜਰਾਤ ਚੋਣਾਂ ਲਈ ਪਾਰਟੀ ਕੈਂਪੇਨ ਦੀ ਸ਼ੁਰੂਆਤ ਕੀਤੀ ਸੀ।ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਭਗਵੰਤ ਮਾਨ ਨੇ ਬਦਲਾਅ ਅਤੇ ਇਨਕਲਾਬ ਦਾ ਵਾਅਦਾ ਕੀਤਾ ਸੀ।ਹੁਣ ਅਰਵਿੰਦ ਕੇਜਰੀਵਾਲ ਦੀਆਂ ਰਾਜਨੀਤਿਕ ਖਾਹਿਸ਼ਾਂ ਨੂੰ ਪੂਰਾ ਕਰਨ ਲਈ ਪ੍ਰਾਈਵੇਟ ਜੈੱਟ ਕਿਰਾਏ ‘ਤੇ ਲਏ ਜਾ ਰਹੇ ਹਨ।
ਆਰਟੀਆਈ ਐਕਟਵਿਸਟ ਹਰਮਿਲਾਪ ਗਰੇਵਾਲ ਨੇ ਹਿਮਾਚਲ ਦੌਰੇ ਦੌਰਾਨ ਹੋਏ ਖ਼ਰਚ ਦੀ ਵੀ ਜਾਣਕਾਰੀ ਮੰਗੀ ਸੀ।ਇਸਦੇ ਜਵਾਬ ‘ਚ ਕਿਹਾ ਗਿਆ ਕਿ ਉੱਥੇ ਸੀਐੱਮ ਮਾਨ 6 ਅਪ੍ਰੈਲ ਨੂੰ ਸਰਕਾਰੀ ਹੈਲੀਕਾਪਟਰ ‘ਤੇ ਗਏ ਸਨ।ਇਸਦੇ ਖਰਚ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ।ਇਸ ਸਬੰਧੀ ਹਰਮਿਲਾਪ ਗਰੇਵਾਲ ਨੇ ਕਿਹਾ ਕਿ ਸੱਤਾ ‘ਚ ਆਉਣ ਤੋਂ ਪਹਿਲਾਂ ਮਾਨ ਪੰਜਾਬ ‘ਚ ਹੈਲੀਕਾਪਟਰ ਦੀ ਵਰਤੋਂ ਨੂੰ ਲੈ ਕੇ ਚਰਨਜੀਤ ਚੰਨੀ ਦਾ ਆਲੋਚਨਾ ਕਰਦੇ ਸਨ।ਹੁਣ ਪਾਰਟੀ ਪ੍ਰਚਾਰ ਲਈ ਪ੍ਰਾਈਵੇਟ ਜੈੱਟ ਕਿਰਾਏ ‘ਤੇ ਲੈ ਰਹੇ ਹਨ।