ਗੰਨੇ ਦਾ ਭਾਅ ਵਧਾਉਣ ਦੀ ਮੰਗ ਨੂੰ ਲੈ ਕੇ ਕਿਸਾਨਾਂ ਦੀ ਚੰਡੀਗੜ੍ਹ ‘ਚ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਵਿਖੇ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਹੋਈ। ਪਿਛਲੇ ਚਾਰ ਦਿਨਾਂ ਤੋਂ ਜਲੰਧਰ ਵਿਚ ਧਰਨੇ ‘ਤੇ ਬੈਠੇ ਗੰਨਾ ਕਿਸਾਨਾਂ ਦੀ ਮੰਗ ਮੰਨਦੇ ਹੋਏ ਪੰਜਾਬ ਸਰਕਾਰ ਨੇ ਗੰਨੇ ਦਾ ਰੇਟ ਵਧਾ ਦਿੱਤਾ ਹੈ। ਸਰਕਾਰ ਅਤੇ ਕਿਸਾਨਾਂ ਵਿਚਾਲੇ ਗੰਨੇ ਦੀ 360 ਰੁਪਏ ਕੀਮਤ ਤੇ ਸਹਿਮਤੀ ਬਣੀ ਹੈ। ਸਰਕਾਰ ਨੇ 15 ਦਿਨਾਂ ‘ਚ ਕਿਸਾਨਾਂ ਦੀ ਫਸਲਾਂ ਦਾ ਬਕਾਇਆ ਦਵਾਉਣ ਦਾ ਭਰੋਸਾ ਦਿੱਤਾ ਹੈ। ਇਹ ਗੁਆਂਢੀ ਰਾਜ ਹਰਿਆਣਾ ਨਾਲੋਂ ਦੋ ਰੁਪਏ ਜ਼ਿਆਦਾ ਹੈ।
ਕਿਸਾਨਾਂ ਨੇ ਦੱਸਿਆ ਕਿ ਸਰਕਾਰ ਨੇ ਮੰਗਾਂ ਮੰਨ ਲਈਆਂ ਹਨ ਤੇ ਹੁਣ ਧਰਨਾ ਖਤਮ ਕਰਨ ਲਈ ਆਖ ਦਿੱਤਾ ਹੈ।
ਤਸਵੀਰ ਦੇ ਨਾਲ ਕੈਪਟਨ ਨੇ ਲਿਖਿਆ ਹੈ-ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਕਿਸਾਨਾਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਗੰਨੇ ਲਈ 360 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਐਸਏਪੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੇਰੀ ਸਰਕਾਰ ਸਾਡੇ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹੈ। ਜੈ ਕਿਸਾਨ, ਜੈ ਜਵਾਨ!’
ਕਿਸਾਨਾਂ ਨੇ ਗੰਨੇ ਦਾ ਮੁੱਲ 360 ਰੁਪਏ ਸਰਕਾਰ ਵੱਲੋਂ ਤੈਅ ਕਰ ਦਿੱਤਾ ਹੈ। ਕਿਸਾਨ ਯੂਨੀਅਨ ਆਗੂਆਂ ਨੇ ਪਹਿਲਾਂ ਕਿਹਾ ਕਿ ਪੰਜਾਬ ਇਸ ਸਮੇਂ ਦੌਰਾਨ ਹਰਿਆਣਾ ਦੀ ਤਰਜ਼ ‘ਤੇ ਗੰਨੇ ਦਾ ਭਾਅ ਵਧਾਉਣ ਵਿੱਚ ਨਾਕਾਮ ਰਿਹਾ ਹੈ ਜਿਸ ਨਾਲ ਕਿਸਾਨਾਂ ਨੂੰ ਵਿੱਤੀ ਨੁਕਸਾਨ ਹੋਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਸਮੱਸਿਆ ਲਈ ਕਿਸਾਨਾਂ ਉਤੇ ਦੋਸ਼ ਨਹੀਂ ਦਿੱਤਾ ਜਾ ਸਕਦਾ ਜਿਹੜੀ ਕਿ ਪੰਜਾਬ ਦੇ ਮਾੜੇ ਵਿੱਤੀ ਹਾਲਾਤਾਂ ਕਾਰਨ ਪੈਦਾ ਹੋਈ ਹੈ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਕਿਸਾਨਾਂ ਨਾਲ ਹਨ ਅਤੇ ਉਨ੍ਹਾਂ ਦੀ ਭਲਾਈ ਲਈ ਹਮੇਸ਼ਾ ਆਪਣਾ ਸਰਵੋਤਮ ਕਰਨਾ ਚਾਹੁੰਦੇ ਹਨ, ਸੂਬੇ ਦੇ ਵਿੱਤੀ ਸੰਕਟ ਕਾਰਨ ਉਹ ਪਹਿਲਾਂ ਗੰਨੇ ਦਾ ਭਾਅ ਵਧਾ ਨਹੀਂ ਸਕੇ। ਉਨ੍ਹਾਂ ਕਿਹਾ ਕਿ ਮੌਜੂਦਾ ਆਰਥਿਕ ਪ੍ਰਸਥਿਤੀਆਂ ਦੇ ਮੱਦੇਨਜ਼ਰ ਸਹਿਕਾਰੀ ਤੇ ਪ੍ਰਾਈਵੇਟ ਖੰਡ ਮਿੱਲਾਂ ਨਾਲ ਜੁੜੇ ਕਿਸਾਨਾਂ ਦੀਆਂ ਲੋੜਾਂ ਦਾ ਸੰਤੁਲਨ ਬਣਾਉਣਾ ਬਹੁਤ ਔਖਾ ਹੈ।
ਇਸ ਤੋਂ ਪਹਿਲਾਂ ਇਕ ਹੋਰ ਟਵੀਟ ਵਿਚ ਉਨ੍ਹਾਂ ਦੇ ਮੀਡੀਆ ਸਲਾਹਕਾਰ ਨੇ ਦੱਸਿਆ ਕਿ ਗੰਨਾ ਕਿਸਾਨਾਂ ਦੀ ਮੰਗ ਨੂੰ ਮੰਨਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਨੇ ਪਿੜਾਈ ਦੇ ਸੀਜ਼ਨ 2021-22 ਲਈ ਰਾਜ ਸਹਿਮਤ ਕੀਮਤ (ਐਸਏਪੀ) ਵਿੱਚ 35 ਰੁਪਏ ਪ੍ਰਤੀ ਕੁਇੰਟਲ ਦੇ ਹੋਰ ਵਾਧੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ।ਕਿਸਾਨਾਂ ਨੂੰ ਹੁਣ 360 ਰੁਪਏ ਪ੍ਰਤੀ ਕੁਇੰਟਲ ਮਿਲੇਗਾ – ਗੁਆਂਢੀ ਸੂਬੇ ਹਰਿਆਣਾ ਨਾਲੋਂ 2 ਰੁਪਏ ਜ਼ਿਆਦਾ।