ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕਰਕੇ ਵੱਡਾ ਧਮਕਾ ਕਰ ਸਕਦੇ ਹਨ। ਜਾਣਕਾਰੀ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਲਦ ਹੀ ਮਿਲਣ ਜਾ ਰਹੇ ਹਨ ਤੇ ਉਨ੍ਹਾਂ ਨੂੰ ਮਿਲ ਸਾਬਕਾ ਭ੍ਰਿਸ਼ਟ ਮੰਤਰੀਆਂ, ਵਿਧਾਇਕਾਂ ਦੀ ਸੂਚੀ ਸੌਂਪ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਸੂਚੀ ਵਿਚ ਖਾਸ ਤੌਰ ’ਤੇ ਪਿਛਲੀ ਸਰਕਾਰ ਦੇ ਉਹ ਆਗੂ ਹਨ ਜਿਨ੍ਹਾਂ ਦਾ ਨਾਂ ਨਜਾਇਜ਼ ਮਾਈਨਿੰਗ ਵਿਚ ਬੋਲਦਾ ਰਿਹਾ ਹੈ। ਕੈਪਟਨ ਦੇ ਇਸ ਪੈਂਤੜੇ ਨਾਲ ਕਾਂਗਰਸੀ ਖੇਮੇ ਵਿਚ ਖਲਬਲੀ ਮਚ ਗਈ ਹੈ। ਉਧਰ ਭਗਵੰਤ ਮਾਨ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਭ੍ਰਿਸ਼ਟਾਚਾਰੀਆਂ ਨੂੰ ਕਿਸੇ ਵੀ ਹਾਲਾਤ ‘ਚ ਬਖਸ਼ਿਆ ਨਹੀਂ ਜਾਵੇਗਾ ਭਾਵੇਂ ਉਹ ਕਿੰਨਾ ਵੀ ਰਸੂਖਦਾਰ ਕਿਉਂ ਨਾ ਹੋਵੇ।
ਦੱਸ ਦੇਈਏ ਕਿ ਸਾਬਕਾ CM ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਦਿਨੀ ਆਪਣੀ ਸਰਕਾਰ ਵੇਲੇ ਕਰਪਸ਼ਨ ਕਰਨ ਵਾਲੇ ਮੰਤਰੀਆਂ ਦੇ ਨਾਂਅ ਉਜਾਗਰ ਕਰਨ ਦੀ ਗੱਲ ਕਹਿ ਕੇ ਪੰਜਾਬ ਦੀ ਸਿਆਸਤ ‘ਚ ਹਲਚਲ ਪੈਦਾ ਕਰ ਦਿੱਤੀ ਸੀ। ਭਗਵੰਤ ਮਾਨ ਦੀ ਸਰਕਾਰ ਦੇ ਮੰਤਰੀ ਵਿਜੈ ਸਿੰਗਲਾ ‘ਤੇ ਹੋਈ ਕਾਰਵਾਈ ਮਗਰੋਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿਹਾ ਜੇਕਰ CM ਭਗਵੰਤ ਮਾਨ ਪੁੱਛਣਗੇ ਤਾਂ ਉਹ ਖੁਦ ਉਨ੍ਹਾਂ ਨੂੰ ਕਾਂਗਰਸ ਸਰਕਾਰ ਵੇਲੇ ਭ੍ਰਿਸ਼ਟਾਚਾਰ ਕਰਨ ਵਾਲੇ ਮੰਤਰੀਆਂ ਦੀ ਲਿਸਟ ਦੇ ਦੇਣਗੇ। ਇਸ ਬਿਆਨ ਤੋਂ ਬਾਅਦ ਕਾਂਗਰਸੀਆਂ ਦੇ ਪ੍ਰਤੀਕਰਮ ਵੀ ਆਏ। ਉਨ੍ਹਾਂ ਕਿਹਾ ਕਿ ਜਾਂ ਤਾਂ ਭ੍ਰਿਸ਼ਟ ਮੰਤਰੀਆਂ ਦੇ ਨਾਂ ਦੱਸੋ ਜਾਂ ਮੀਡਿਆ ਸਾਮ੍ਹਣੇ ਮੁਆਫ਼ੀ ਮੰਗੋ। ਸੁਖਜਿੰਦਰ ਰੰਧਾਵਾ ਨੇ ਵੀ ਕਿਹਾ ਕਿ ਜਾਂ ਤਾਂ ਕੈਪਟਨ ਨਾਂ ਦੱਸਣ ਨਹੀਂ ਤਾਂ ਬਿਨ੍ਹਾਂ ਵਜ੍ਹਾ ਕਾਂਗਰਸ ਨੂੰ ਬਦਨਾਮ ਨਾ ਕੀਤਾ ਜਾਵੇ। ਕਾਂਗਰਸੀਆਂ ਤੇ ਕੈਪਟਨ ਦੀ ਬਿਆਨਬਾਜ਼ੀ ਮਗਰੋਂ ਆਮ ਆਦਮੀ ਪਾਰਟੀ ਨੇ ਵੀ ਸਵਾਗਤ ਕੀਤਾ ਕਿ ਕੈਪਟਨ ਨੂੰ ਚਾਹੀਦਾ ਹੈ ਕਿ ਹੁਣ ਆ ਕੇ ਆਪਣੇ ਭ੍ਰਿਸ਼ਟ ਮੰਤਰੀਆਂ ਬਾਰੇ ਖੁਲਾਸਾ ਕਰਨ।
ਅਗਲੇ ਹਫ਼ਤੇ ਕੈਪਟਨ ਦੀ ਹੋ ਸਕਦੀ ਹੈ CM ਮਾਨ ਨਾਲ ਮੁਲਾਕਾਤ, 6 ਮੰਤਰੀਆਂ ਬਾਰੇ ਹੋਏਗਾ ਖੁਲਾਸਾ ?
ਸੂਤਰਾਂ ਮੁਤਾਬਿਕ ਕੈਪਟਨ ਅਮਰਿੰਦਰ ਸਿੰਘ ਅਗਲੇ ਹਫ਼ਤੇ ਮੁੱਖਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕਰਨਗੇ ਤੇ ਕੈਪਟਨ ਵੱਲੋਂ ਆਪਣੀ ਸਰਕਾਰ ਵੇਲੇ ਭ੍ਰਿਸ਼ਟਾਚਾਰ ਕਰਨ ਵਾਲੇ 6 ਮੰਤਰੀਆਂ ਦੇ ਨਾਂਅ ਦਾ ਖੁਲਾਸਾ ਕੀਤਾ ਜਾ ਸਕਦਾ ਹੈ | ਜਾਣਕਾਰੀ ਮੁਤਾਬਿਕ ਕੈਪਟਨ ਅਮਰਿੰਦਰ ਸਿੰਘ ਕੋਲ ਭ੍ਰਿਸ਼ਟਾਚਾਰ ਸੰਬੰਧੀ ਫ਼ਾਈਲਾਂ ਮੌਜੂਦ ਹਨ ਜੋਕਿ CM ਨੂੰ ਦਿੱਤੀਆਂ ਜਾ ਸਕਦੀਆਂ ਹਨ | ਇਸਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ L1 ਲੈਣ ਵਾਲੇ ਕਾਂਗਰਸੀ ਆਗੂ ਬਾਰੇ ਵੀ ਕੈਪਟਨ ਵੱਲੋਂ ਖੁਲਾਸਾ ਕੀਤਾ ਜਾ ਸਕਦਾ ਹੈ | ਸੂਤਰਾਂ ਮੁਤਾਬਿਕ ਇਸ ਕਾਂਗਰਸੀ ਵੱਲੋਂ ਕੈਪਟਨ ਨੂੰ CM ਦੀ ਕੁਰਸੀ ਤੋਂ ਲਾਹੇ ਜਾਣ ਸਮੇਂ ਜਦੋਂ ਸਵਾਲ ਚੁੱਕੇ ਗਏ ਸਨ ਤਾਂ ਕੈਪਟਨ ਨੇ ਕਿਹਾ ਸੀ ਕਿ ਤੁਹਾਨੂੰ ਮੇਰੇ ‘ਤੇ ਸਵਾਲ ਚੁੱਕਣ ਦਾ ਕੋਈ ਹੱਕ ਨਹੀਂ ਹੈ ਤੁਸੀਂ ਤਾਂ ਆਪ ਮੇਰੇ ਕੋਲ ਆਹ ਫ਼ਾਇਦਾ ਲੈਣ ਆਏ ਸੀ | ਕਿਹਾ ਜਾ ਰਿਹਾ ਹੈ ਕਿ ਉਸ ਸਮੇਂ ਇਸ ਕਾਂਗਰਸੀ ਨੂੰ ਕੋਈ ਜਵਾਬ ਨਹੀਂ ਆਇਆ ਸੀ | ਪਰ ਹੁਣ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਬਿਆਨ ਮਗਰੋਂ ਲੱਗ ਰਿਹਾ ਹੈ ਕਿ ਕੈਪਟਨ ਆਉਣ ਵਾਲੇ ਦਿਨਾਂ ‘ਚ ਕਾਂਗਰਸੀਆਂ ਦੀਆਂ ਮੁਸ਼ਕਿਲਾਂ ਵਧਾ ਸਕਦੇ ਹਨ |
ਭ੍ਰਿਸ਼ਟਾਚਾਰ ਕਰਨ ਵਾਲੇ ਮੰਤਰੀਆਂ ਦਾ ਨਾਂ ਦੱਸੋ ਜਾਂ ਮੰਗੋ ਮੁਆਫ਼ੀ
ਵੱਖ ਵੱਖ ਕਾਂਗਰਸੀ ਆਗੂਆਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ‘ਤੇ ਸਵਾਲ ਚੁੱਕੇ ਜਾ ਰਹੇ ਹਨ | ਸਾਂਸਦ ਗੁਰਜੀਤ ਔਜਲਾ ਵੱਲੋਂ ਕੈਪਟਨ ਨੂੰ ਟੈਗ ਕਰਕੇ ਟਵੀਟ ਕਰਦਿਆਂ ਕਿਹਾ ਗਿਆ ਹੈ ਕਿ ਕੁਝ ਭ੍ਰਿਸ਼ਟ ਬੰਦਿਆਂ ਕਰਕੇ ਸਾਰੀ ਕਾਂਗਰਸ ਪਾਰਟੀ ‘ਤੇ ਇਲਜ਼ਾਮ ਆ ਰਿਹਾ ਹੈ ਕਿਰਪਾ ਕਰਕੇ ਨਾਂਅ ਦੱਸ ਦਿਓ ਜਾਨ ਮੀਡਿਆ ‘ਤੇ ਮਾਫ਼ੀ ਮੰਗੋ | (ਕੁਰਲਾਉਂਦੇ ਕਾਂਗਰਸੀ ਵਰਕਰ ਕਿ ਅਸੀਂ ਭ੍ਰਿਸ਼ਟ ਨਹੀਂ ਹਾਂ )