ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਅਯੁੱਧਿਆ ਪਹੁੰਚਣਗੇ ਅਤੇ ਰਾਮਲੱਲਾ ਦੇ ਦਰਸ਼ਨ ਕਰਨਗੇ। ਉਨ੍ਹਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਹੋਣਗੇ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਸੀਐੱਮ ਭਗਵੰਤ ਮਾਨ ਪਰਿਵਾਰ ਸਣੇ ਅਯੁੱਧਿਆ ਜਾਣਗੇ।
ਅਰਵਿੰਦ ਕੇਜਰੀਵਾਲ ਸਵੇਰੇ 11.30 ਵਜੇ ਦਿੱਲੀ ਤੋਂ ਅਯੁੱਧਿਆ ਲਈ ਰਵਾਨਾ ਹੋਣਗੇ। ਉਹ ਦੁਪਹਿਰ 1 ਵਜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਅਯੁੱਧਿਆ ਹਵਾਈ ਅੱਡੇ ‘ਤੇ ਪਹੁੰਚਣਗੇ। ਫਿਰ ਉਹ ਸਿੱਧੇ ਰਾਮ ਮੰਦਰ ਦੇ ਦਰਸ਼ਨ ਲਈ ਜਾਣਗੇ। ਫਿਰ ਸ਼ਾਮ ਤੱਕ ਦਿੱਲੀ ਵਾਪਸ ਆ ਜਾਵਾਂਗੇ। ਮੁੱਖ ਮੰਤਰੀ ਕੇਜਰੀਵਾਲ ਨੇ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਰਾਮ ਮੰਦਰ ਦੇ ਦਰਸ਼ਨ ਕਰਨ ਦੀ ਇੱਛਾ ਪ੍ਰਗਟਾਈ ਸੀ।
ਸੀਐੱਮ ਕੇਜਰੀਵਾਲ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦਾ ਸੱਦਾ ਨਹੀਂ ਮਿਲਿਆ ਹੈ। ਇਸ ਦੌਰਾਨ ਉਨ੍ਹਾਂ ਕਿਹਾ ਸੀ ਕਿ ਉਹ ਆਪਣੇ ਪਰਿਵਾਰ ਨਾਲ ਮੌਕਾ ਮਿਲਦੇ ਹੀ ਅਯੁੱਧਿਆ ਜਾਣ ਦੀ ਯੋਜਨਾ ਬਣਾਉਣਗੇ ਤੇ ਰਾਮਲੱਲਾ ਦੇ ਦਰਸ਼ਨ ਕਰਨਗੇ।