ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਤੇ ਭਾਰਤੀ ਜਨਤਾ ਪਾਰਟੀ ਦੀ ਤਾਨਾਸ਼ਾਹੀ ਖ਼ਿਲਾਫ਼ ‘ਆਪ’ ਵੱਲੋਂ ਅੱਜ ਦੇਸ਼ ਭਰ ‘ਚ ਸਮੂਹਿਕ ਭੁੱਖ ਹੜਤਾਲ ਕੀਤੀ ਜਾ ਰਹੀ ਹੈ।ਇਸੇ ਤਹਿਤ ਅੱਜ ਮੁੱਖ ਮੰਤਰੀ ਭਗਵੰਤ ਮਾਨ ਕੈਬਨਿਟ ਮੰਤਰੀਆਂ ਅਤੇ ‘ਆਪ’ ਵਰਕਰਾਂ ਨਾਲ ਖਟਕੜ ਕਲਾਂ ‘ਚ ਭੁੱਖ ਹੜਤਾਲ ‘ਤੇ ਬੈਠ ਗਏ ਹਨ।
ਇਹ ਭੁੱਖ ਹੜਤਾਲ ਸ਼ਾਮ 5 ਵਜੇ ਤੱਕ ਜਾਰੀ ਰਹੇਗੀ।ਕੇਜਰੀਵਾਲ ਦੀ ਗ੍ਰਿਫ਼ਤਾਰੀ ਦਾ ਰੋਸ ਜ਼ਾਹਰ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਅੱਜ ਦੇਸ਼ ਦਾ ਲੋਕਤੰਤਰ ਖ਼ਤਰੇ ‘ਚ ਹੈ।ਕੀ ਇਨ੍ਹਾਂ ਦਿਨਾਂ ਵਾਸਤੇ ਹੀ ਸ਼ਹੀਦਾਂ ਨੇ ਕੁਰਬਾਨੀਆਂ ਦਿੱਤੀਆਂ ਸਨ।ਅੱਜ ਸ਼ਹੀਦ ਭਗਤ ਸਿੰਘ ਦੀ ਆਤਮਾ ਤੜਫ ਰਹੀ ਹੋਵੇਗੀ।ਸ਼ਹੀਦ-ਏ-ਆਜ਼ਮ ਭਗਤ ਸਿੰਘ ਵਲੋਂ ਦੇਸ਼ ਦੇ ਲੋਕਤੰਤਰ ਲਈ ਦਿੱਤੀ ਕੁਰਬਾਨੀ ਅੱਜ ਖ਼ਤਰੇ ‘ਚ ਹੈ।ਆਓ ਇਕੱਠੇ ਹੋ ਕੇ ਇਨ੍ਹਾਂ ਤਾਨਾਸ਼ਾਹੀ ਲੀਡਰਾਂ ਤੋਂ ਸ਼ਹੀਦਾਂ ਦੀ ਧਰਤੀ ਦੇ ਇਸ ਲੋਕਤੰਤਰ ਨੂੰ ਬਚਾਈਏ।
ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਦੇਸ਼ ਲਈ ਸਭ ਕੁਝ ਛੱਡ ਦਿੱਤਾ।ਲੱਖਾਂ ਕਰੋੜਾਂ ਦੀ ਕਮਾਈ ਛੱਡ ਕੇ ਕੇਜਰੀਵਾਲ ਰਾਜਨੀਤੀ ‘ਚ ਆਏ ਹਨ।ਭਾਜਪਾ ‘ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਵਾਲੇ ਕੇਜਰੀਵਾਲ ਦੀ ਸੋਚ ਨੂੰ ਕਿਵੇਂ ਗ੍ਰਿਫਤਾਰ ਕਰਨਗੇ।ਭਗਵੰਤ ਮਾਨ ਅੱਗੇ ਬੋਲਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਗਾਰੰਟੀਆਂ ਦਿੰਦੀ ਹੈ, ਜਦਕਿ ਭਾਜਪਾ ਵਾਲੇ ਘੋਸ਼ਣਾਪੱਤਰ ਜਾਰੀ ਕਰਦੇ ਸਨ।ਜਦੋਂ ਲੋਕ ਸਾਡੇ ਵਲੋਂ ਦਿੱਤੀਆਂ ਗਈਆਂ ਗਾਰੰਟੀਆਂ ‘ਤੇ ਯਕੀਨ ਕਰਨ ਲੱਗ ਗਏ ਤਾਂ ਮੋਦੀ ਜੀ ਵੀ ਕਹਿਣ ਲੱਗੇ ਅਸੀਂ ਵੀ ਗਾਰੰਟੀਆਂ ਹੀ ਕਹਾਂਗੇ।