ਇਨਫੋਰਸਮੈਂਟ ਡਾਇਰੈਕਟੋਰੇਟ ਨੇ ਦਿੱਲੀ ਸ਼ਰਾਬ ਘਪਲੇ ਮਾਮਲੇ ‘ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਹੈ।ਇਸ ਮਾਮਲੇ ‘ਚ ਈਡੀ ਨੂੰ ਅਰਵਿੰਦ ਕੇਜਰੀਵਾਲ ਦੀ 7 ਦਿਨ ਦੀ ਰਿਮਾਂਡ ਵੀ ਮਿਲ ਗਈ ਹੈ।ਇਨ੍ਹਾਂ ਸਭ ਦਰਮਿਆਨ ਕੇਜਰੀਵਾਲ ਨੇ ਇਕ ਹੈਰਾਨ ਕਰਨ ਵਾਲਾ ਦਾਅਵਾ ਕੀਤਾ ਹੈ।ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਊਜ਼ ਐਵੇਨਿਊ ਕੋਰਟ ‘ਚ ਅਰਜ਼ੀ ਦਾਇਰ ਕਰਕੇ ਦਿੱਲੀ ਪੁਲਿਸ ਦੇ ਏਸੀਪੀ ਏ.ਕੇ. ਸਿੰਘ ਨੂੰ ਉਨ੍ਹਾਂ ਦੀ ਸੁਰੱਖਿਆ ਤੋਂ ਹਟਾਉਣ ਦੀ ਮੰਗ ਕੀਤੀ ਹੈ।ਕੇਜਰੀਵਾਲ ਨੇ ਦੋਸ਼ ਲਾਇਆ ਕਿ ਅਦਾਲਤ ‘ਚ ਲਿਆਉਂਦੇ ਸਮੇਂ ਉਨ੍ਹਾਂ ਨਾਲ ਬਦਸਲੂਕੀ ਕੀਤੀ ਗਈ।ਕੇਜਰੀਵਾਲ ਨੇ ਕੋਰਟ ਤੋਂ ਮੰਗ ਕੀਤੀ ਹੈ ਕਿ ਉਹ ਇਸ ਸਬੰਧਤ ਅਧਿਕਾਰੀ ਨੂੰ ਉਨ੍ਹਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਤੋਂ ਹਟਾ ਦੇਣ।
ਅਰਜ਼ੀ ‘ਚ ਕੇਜਰੀਵਾਲ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਰਿਮਾਂਡ ਅਰਜ਼ੀ ‘ਚ ਸੁਣਵਾਈ ਲਈ ਅਦਾਲਤ ਲਿਆਂਦਾ ਜਾ ਰਿਹਾ ਸੀ, ਉਸ ਦੌਰਾਨ ਸਹਾਇਕ ਪੁਲਿਸ ਕਮਿਸ਼ਨਰ ਏ.ਕੇ.ਸਿੰਘ ਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ।ਹਾਲਾਂਕਿ ਇਹ ਬਦਸਲੂਕੀ ਕਿਸ ਤਰ੍ਹਾਂ ਨਾਲ ਕੀਤੀ ਗਈ ਹੈ, ਇਸ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।ਦੱਸਣਯੋਗ ਹੈ ਕਿ ਏ.ਕੇ.ਸਿੰਘ ਉਹ ਹੀ ਪੁਲਿਸ ਮੁਲਾਜ਼ਮ ਹਨ, ਜਿਨ੍ਹਾਂ ‘ਤੇ ਪਿਛਲੇ ਸਾਲ ਉਸੇ ਅਦਾਲਤ ਦੇ ਕੰਪਲੈਕਸ ‘ਚ ਮਨੀਸ਼ ਸਿਸੋਦੀਆ ਦੀ ਗਰਦਨ ਫੜਨ ਦਾ ਦੋਸ਼ ਸੀ, ਜਦੋਂ ਪੱਤਰਕਾਰ ਉਨ੍ਹਾਂ ਤੋਂ ਸਵਾਲ ਪੁੱਛ ਰਹੇ ਸਨ।ਇਹ ਘਟਨਾ ਵੀਡੀਓ ‘ਚ ਕੈਦ ਹੋ ਗਈ ਸੀ।ਬਾਅਦ ‘ਚ ਮਨੀਸ਼ ਸਿਸੋਦੀਆ ਨੇ ਇਸ ਨੂੰ ਲੈ ਕੇ ਇਸ ਲਿਖਤੀ ਸ਼ਿਕਾਇਤ ਵੀ ਦਰਜ ਕਰਵਾਈ ਸੀ।ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਅਦਾਲਤ ਨੇ ਦਿੱਲੀ ਸ਼ਰਾਬ ਨੀਤੀ ਮਾਮਲੇ ‘ਚ ਅਰਵਿੰਦ ਕੇਜਰੀਵਾਲ ਨੂੰ 28 ਮਾਰਚ ਤੱਕ ਈਡੀ ਦੀ ਹਿਰਾਸਤ ‘ਚ ਭੇਜ ਦਿੱਤਾ ਸੀ।ਈਡੀ ਨੇ ਆਪਣੇ ਰਿਮਾਂਡ ਪੱਤਰ ‘ਚ ਦਾਅਵਾ ਕੀਤਾ ਕਿ ਅਰਵਿੰਦ ਕੇਜਰੀਵਾਲ ਕੁਝ ਲੋਕਾਂ ਨੂੰ ਫਾਇਦਾ ਪਹੁੰਚਾਉਣ ਲਈ ਆਬਕਾਰੀ ਨੀਤੀ 2021-22 ਨੂੰ ਤਿਆਰ ਕਰਨ ਦੀ ਸਾਜ਼ਿਸ਼ ‘ਚ ਸ਼ਾਮਿਲ ਸੀ ਅਤੇ ਉਹ ਇਸ ਨੀਤੀ ਰਾਹੀਂ ਲਾਭ ਪਹੁੰਚਾਉਣ ਦੇ ਬਦਲੇ ਸ਼ਰਾਬ ਕਾਰੋਬਾਰੀਆਂ ਤੋਂ ਰਿਸ਼ਵਤ ਮੰਗਣ ‘ਚ ਸ਼ਾਮਿਲ ਸੀ।