Sukhbir Badal VS Bhagwant Mann: ਕੇਜਰੀਵਾਲ ਦੀ “ਆਪ” ਸਰਕਾਰ ਦੇ ਮੁੱਖ ਮੰਤਰੀ ਦਾ ਪਾਵਨ ਸਿੱਖ ਗੁਰਬਾਣੀ ਸੰਬੰਧੀ ਐਲਾਨ ਸਿੱਧਾ ਸਿੱਧਾ ਖਾਲਸਾ ਪੰਥ ਅਤੇ ਸਿੱਖ ਗੁਰਧਾਮਾਂ ‘ਤੇ ਸਰਕਾਰੀ ਹੱਲਾ ਹੈ। ਇਹ ਘਿਨਾਉਣਾ ਫ਼ੈਸਲਾ ਸਿੱਖ ਸੰਗਤ ਕੋਲੋਂ ਗੁਰਬਾਣੀ ਪ੍ਰਚਾਰ ਦਾ ਹੱਕ ਖੋਹ ਕੇ ਗੁਰਧਾਮਾਂ ਦੇ ਸੰਭਾਲ ਸਰਕਾਰੀ ਕਬਜ਼ੇ ਵਿਚ ਲੈਣ ਵੱਲ ਪਹਿਲਾ ਖ਼ਤਰਨਾਕ ਅਤੇ ਹਿਮਾਕਤ ਭਰਿਆ ਕਦਮ ਹੈ। ਇਸ ਫੈਸਲੇ ਨੇ ਸ੍ਰੀ ਹਰਮੰਦਿਰ ਸਾਹਿਬ ‘ਤੇ ਮੁਗਲਾਂ, ਅੰਗਰੇਜ਼ਾਂ ਤੇ ਇੰਦਰਾ ਗਾਂਧੀ ਦੇ ਜਬਰ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ ਪਰ ਖਾਲਸਾ ਪੰਥ ਇਸ ਦਾ ਮੂੰਹ ਤੋੜ ਜਵਾਬ ਦੇਵੇਗਾ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਸ ਨਾਲ ਇੱਕ ਗੱਲ ਹੋਰ ਵੀ ਉਜਾਗਰ ਹੋ ਗਈ ਹੈ। ਜੋ ਲੋਕ ਕੱਲ ਤੱਕ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਿੱਖ ਕੌਮ ਨੂੰ ਬਾਰ ਬਾਰ ਦਿੱਤੀ ਜਾ ਰਹੀ ਇਸ ਚੇਤਾਵਨੀ ਨੂੰ ਕੇਵਲ ਸਿਆਸੀ ਦੱਸਦੇ ਸੀ ਕਿ ਸਰਕਾਰਾਂ ਸਿੱਖ ਗੁਰਧਾਮਾਂ ‘ਤੇ ਸਿੱਧਾ ਕਬਜ਼ਾ ਕਰਨ ਦੀਆਂ ਘਿਨਾਉਣੀਆਂ ਸਾਜ਼ਿਸ਼ਾਂ ਰਚ ਰਹੀਆਂ ਹਨ, ਅੱਜ ਕੇਜਰੀਵਾਲ ਦੀ ਪਾਰਟੀ ਦੀ ਸਰਕਾਰ ਵੱਲੋਂ ਸ੍ਰੀ ਹਰਮੰਦਿਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਵਾਹ ‘ਤੇ ਕਬਜ਼ਾ ਕਰਨ ਦੀ ਇਸ ਕੋਝੀ ਸਾਜਿਸ਼ ਨਾਲ ਉਹਨਾਂ ਦੀਆਂ ਅੱਖਾਂ ਖੁਲ ਜਾਣੀਆਂ ਚਾਹੀਦੀਆਂ ਹਨ।
ਉਨ੍ਹਾਂ ਅੱਗੇ ਕਿਹਾ ਕਿ ਜੇ ਪਾਵਨ ਗੁਰਬਾਣੀ ਸੰਗਤਾਂ ਤੱਕ ਗੁਰ ਮਰਿਆਦਾ ਅਨੁਸਾਰ ਪਹੁੰਚਾਉਣ ਦਾ ਹੱਕ ਵੀ ਸਿੱਖ ਸੰਗਤ ਅਤੇ ਉਸਦੇ ਚੁਣੇ ਹੋਏ ਨੁਮਾਇੰਦਿਆਂ ਦੀ ਬਜਾਏ ਸਰਕਾਰਾਂ ਨੂੰ ਹੀ ਸੌਂਪਣਾ ਹੁੰਦਾ ਤਾਂ ਗੁਰਧਾਮਾਂ ਨੂੰ ਸਰਕਾਰੀ ਮਸੰਦਾਂ ਤੋਂ ਅਜ਼ਾਦ ਕਰਵਾਉਣ ਲਈ ਸਿੱਖ ਕੌਮ ਨੂੰ ਅਕਹਿ ਤੇ ਅਸਹਿ ਤਸੀਹੇ ਸਹਿਣ ਤੇ ਬੇਸ਼ੁਮਾਰ ਬੇਮਿਸਾਲ ਕੁਰਬਾਨੀਆਂ ਦੀ ਲੋੜ ਹੀ ਕਿਉਂ ਹੁੰਦੀ। ਗੁਰਬਾਣੀ ਦੇ ਪ੍ਰਸਾਰਨ ਸਬੰਧੀ ਭਗਵੰਤ ਮਾਨ ਸਰਕਾਰ ਵੱਲੋਂ ਐਲਾਨਿਆ ਫੈਸਲਾ ਖਾਲਸਾ ਪੰਥ ਦੇ ਗੁਰਧਾਮਾਂ ‘ਤੇ ਹੀ ਨਹੀ ਬਲਕਿ ਸਿੱਖ ਕੌਮ ‘ਤੇ ਵੀ ਸਿੱਧਾ ਹਮਲਾ ਹੈ ਅਤੇ ਖਾਲਸਾ ਪੰਥ ਇਸ ਦਾ ਮੂੰਹ ਤੋੜ ਜਵਾਬ ਦੇਵੇਗਾ।
ਬਾਦਲ ਨੇ ਕਿਹਾ ਕਿ ਗੈਰ ਪੰਜਾਬੀਆਂ ਤੇ ਗੈਰ ਸਿੱਖਾਂ ਦੇ ਇਸ ਹੱਥ ਠੋਕੇ ਮੁੱਖ ਮੰਤਰੀ ਦਾ ਹੰਕਾਰ ਹੁਣ ਸਭ ਹੱਦਾਂ ਪਾਰ ਕਰ ਗਿਆ ਹੈ ਤੇ ਉਸਨੂੰ ਹੁਣ ਗੁਰੂ ਘਰ ਨਾਲ ਮੱਥਾ ਲਾਉਣ ਵਿੱਚ ਵੀ ਅਕਾਲ ਪੁਰਖ ਅਤੇ ਗੁਰੂ ਦਾ ਕੋਈ ਭੈਅ ਹੀ ਨਹੀਂ ਰਿਹਾ। ਗ਼ੈਰਸਿੱਖ ਤੇ ਸਿੱਖ ਦੁਸ਼ਮਣ ਅੰਸਰਾਂ ਦਾ ਇਹ ਸੂਬੇਦਾਰ ਹੁਣ ਸਿੱਧਾ ਹੀ ਗੁਰੂ ਘਰ ਨੂੰ ਲਲਕਾਰਨ ਦੀ ਹਿਮਾਕਤ ਕਰ ਰਿਹਾ ਹੈ। ਤਾਕਤ ਨਾਲ ਅੰਨ੍ਹੇ ਹੋਏ ਸਿੱਖ ਦੁਸ਼ਮਣ ਤਾਕਤਾਂ ਦੇ ਇਸ ਹੱਥ ਠੋਕੇ ਵੱਲੋਂ ਦਿੱਤੀ ਇਸ ਹੰਕਾਰੀ ਵੰਗਾਰ ਨੂੰ ਖਾਲਸਾ ਪੰਥ ਸਵੀਕਾਰ ਕਰਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h