ਪੰਜਾਬ ਵਿਜੀਲੈਂਸ ਬਿਊਰੋ ਵਲੋਂ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਕਾਂਗਰਸੀ ਫੂਡ ਅਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫਤਾਰੀ ’ਤੇ ਕਿਹਾ- ਕਿ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ। ਅਸੀਂ ਚੋਣਾਂ ਤੋਂ ਪਹਿਲਾਂ ਹੀ ਕਿਹਾ ਸੀ ਕਿ ਜਿਸ ਕਿਸੇ ਨੇ ਵੀ ਪੰਜਾਬ ਨੂੰ ਲੁੱਟਿਆ ਹੈ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਇਹ ਗ੍ਰਿਫਤਾਰੀ ਵੀ ਉਸੇ ਦਾ ਨਤੀਜਾ ਹੈ।
ਮਾਨ ਨੇ ਅੱਗੇ ਕਿਹਾ ਕਿ ਜਿਨ੍ਹਾਂ ਖ਼ਿਲਾਫ ਸਬੂਤ ਮਿਲਣਗੇ, ਉਨ੍ਹਾਂ ਖ਼ਿਲਾਫ ਕਾਰਵਾਈ ਹੁੰਦੀ ਹੈ। ਜਦੋਂ ਆਸ਼ੂ ਮੰਤਰੀ ਸੀ, ਉਨ੍ਹਾਂ ਦਾ ਹੰਕਾਰ ਨਜ਼ਰ ਆਉਂਦਾ ਸੀ। ਉਹ ਸਰਕਾਰੀ ਅਫਸਰਾਂ ਨਾਲ ਕਿਵੇਂ ਗੱਲ ਕਰਦੇ ਸੀ। ਮਾਨ ਨੇ ਕਿਹਾ ਕਿ ਪਹਿਲਾਂ ਆਸ਼ੂ ਚੰਡੀਗੜ੍ਹ ਆ ਕੇ ਕਹਿ ਰਹੇ ਸੀ ਕਿ ਸਾਨੂੰ ਫੜੋ, ਹੁਣ ਫੜ ਲਿਆ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਵਾਅਦੇ ਪੂਰੇ ਕਰ ਰਹੀ ਹੈ। ਇਸ ਤਹਿਤ ਹੀ ਨਵੀਂਆਂ ਭਰਤੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਰਤੀ ਵਿਚ ਕੋਈ ਰਿਸ਼ਤੇਦਾਰੀ, ਸਿਫਾਰਸ਼ ਜਾਂ ਪੈਸਾ ਨਹੀਂ ਚੱਲ ਰਿਹਾ ਹੈ। ਭਰਤੀ ਉਮੀਦਵਾਰ ਦੀ ਆਪਣੀ ਯੋਗਤਾ ’ਤੇ ਕੀਤੀ ਜਾ ਰਹੀ ਹੈ।