ਸਮਾਣਾ : ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ, ਬਾਗਬਾਨੀ, ਸੁਤੰਤਰਤਾ ਸੰਗਰਾਮੀ ਤੇ ਰੱਖਿਆ ਸੇਵਾਵਾਂ ਭਲਾਈ ਵਿਭਾਗਾਂ ਦੇ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਅੰਦਰ ਸ਼ੁਰੂ ਕੀਤੀਆਂ ਗਈਆਂ ਸੀ.ਐਮ. ਦੀਆਂ ਯੋਗਸ਼ਾਲਾਵਾਂ ਸੂਬਾ ਨਿਵਾਸੀਆਂ ਨੂੰ ਤੰਦਰੁਸਤ ਕਰਨ ਲਈ ਅਹਿਮ ਭੂਮਿਕਾ ਨਿਭਾਉਣਗੀਆਂ।
ਕੈਬਨਿਟ ਮੰਤਰੀ ਅੱਜ ਨੌਵੇਂ ਕੌਮਾਂਤਰੀ ਯੋਗਾ ਦਿਵਸ ਮੌਕੇ ਸਮਾਣਾ ਵਿਖੇ ਵੱਖ-ਵੱਖ ਯੋਗਾ ਕੈਂਪਾਂ ਵਿੱਚ ਸ਼ਿਕਰਤ ਕਰਨ ਪੁੱਜੇ ਹੋਏ ਸਨ।ਇਸ ਮੌਕੇ ਉਨ੍ਹਾਂ ਕਿਹਾ ਕਿ ਯੋਗ ਮਨੁੱਖੀ ਸਰੀਰ ਅੰਦਰ ਅਨੁਸ਼ਾਸਨਿਕ ਆਤਮਿਕ ਸ਼ਕਤੀ ਪੈਦਾ ਕਰਦਾ ਹੈ। ਜੋ ਸਾਡੇ ਸਰੀਰ ਨੂੰ ਨਿਰੋਗ ਅਤੇ ਮਨ ਨੂੰ ਸ਼ਕਤੀ ਪ੍ਰਦਾਨ ਕਰਦੀ ਹੈ।ਯੋਗਾ ਕੈਂਪ ਵਿੱਚ ਬੋਲਦਿਆਂ ਜੌੜਾਮਾਜਰਾ ਨੇ ਦੱਸਿਆ ਕਿ ਸੀ.ਐਮ. ਦੀ ਯੋਗਸ਼ਾਲਾ ਦਾ ਲਾਭ ਲੈਣ ਲਈ ਜਦੋਂ 25 ਲੋਕ ਯੋਗ ਕਰਨ ਲਈ ਤਿਆਰ ਹੋ ਜਾਣ ਤਾਂ ਸ਼ਹਿਰ ਵਾਸੀ ਟੋਲ ਫਰੀ ਨੰਬਰ 76694-00500 ਉਪਰ ਫੋਨ ਕਰਨ ਜਾਂ https://cmdiyogshala.punjab.gov.in ਵੈਬਸਾਈਟ ਉਤੇ ਲਾਗਇਨ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਸਿੱਖਿਅਤ ਯੋਗ ਇੰਸਟ੍ਰਕਟਰ ਖੁੱਲ੍ਹੇ ਪਾਰਕਾਂ ਤੇ ਹੋਰ ਜਨਤਕ ਥਾਵਾਂ ਉਤੇ ਲੋਕਾਂ ਨੂੰ ਮੁਫ਼ਤ ਵਿੱਚ ਯੋਗ ਸਿਖਲਾਈ ਦੇਣਗੇ।
ਯੋਗਾ ਚ ਸਾਮਲ ਯੋਗ ਲਾਭਪਾਤਰੀਆ ਨੂੰ ਵਿਸਵ ਯੋਗ ਦਿਵਸ ਦੀ ਵਧਾਈ ਦਿੰਦਿਆਂ ਜੌੜਾਮਾਜਰਾ ਨੇ ਕਿਹਾ ਕਿ ਸਰੀਰ ਨੂੰ ਬਿਮਾਰੀਆਂ ਲੱਗਣ ਤੋਂ ਪਹਿਲਾਂ ਹੀ ਪ੍ਰਹੇਜ ਰੱਖ ਕੇ ਨਿਰੋਗ ਰੱਖਿਆ ਜਾ ਸਕਦਾ ਹੈ।ਪੁਰਾਤਨ ਸਮੇਂ ਦੌਰਾਨ ਰਿਸ਼ੀ ਮੁਨੀਆ ਵੱਲੋਂ ਮੀਂਹ, ਹਨੇਰੀ, ਝੱਖੜ ਆਦਿ ਦੀ ਪ੍ਰਵਾਹ ਨਾ ਕਰਕੇ ਉਹ ਆਪਣੇ ਯੋਗ ਦਾ ਸਮਾਂ ਨਹੀਂ ਖੁੰਝਣ ਦਿੰਦੇ ਸਨ।ਉਨ੍ਹਾਂ ਕਿਹਾ ਕਿ ਅਸੀਂ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਦੀ ਕੋਸ਼ਿਸ਼ ਤਾਂ ਕਰਦੇ ਹਾਂ ਪਰ ਅਵੇਸਲੇ ਹੋ ਕੇ ਯੋਗਾ ਵਾਲੇ ਦਿਨ ਹੀ ਯੋਗਾ ਕਰਕੇ ਦੁਬਾਰਾ ਸਰੀਰ ਵੱਲ ਧਿਆਨ ਨਹੀਂ ਦਿੰਦੇ ਤੇ ਸਿਹਤਮੰਦ ਭੋਜਨ ਗ੍ਰਹਿਣ ਕਰਨ ਦੀ ਥਾਂ ਫਾਸਟ ਫੂਡ ਨੂੰ ਤਰਜੀਹ ਦਿੰਦੇ ਹਾਂ ਜਿਸ ਨਾਲ ਸਰੀਰ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਚਿੰਬੜ ਜਾਂਦੀਆਂ ਹਨ।
ਕੈਬਨਿਟ ਮੰਤਰੀ ਨੇ ਯੋਗ ‘ਚ ਸ਼ਾਮਲ ਬੱਚਿਆਂ ਨੂੰ ਉਤਸਾਹਿਤ ਕਰਦਿਆਂ ਕਿਹਾ ਕਿ ਜਿਹੜੇ ਬੱਚੇ ਇਸ ਉਮਰ ਵਿਚ ਯੋਗ ਸਿੱਖ ਲੈਣਗੇ, ਉਹਨਾਂ ਦਾ ਸਾਰੀ ਉਮਰ ਸਰੀਰ ਜਿੱਥੇ ਤੰਦਰੁਸਤ ਰਹੇਗਾ ਉਹ ਯੋਗਾ ਦੀਆਂ ਕਲਾਸਾਂ ਲਗਾਉਣ ਵਿੱਚ ਵੀ ਸਫ਼ਲ ਹੋਣਗੇ। ਉਹਨਾਂ ਯੋਗ ਲਾਭਪਾਤਰੀਆਂ ਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਸਵੇਰ ਸਮੇਂ ਯੋਗਾ ਲਈ ਸਮਾਂ ਜਰੂਰ ਕੱਢਣ।
ਇਸ ਮੌਕੇ ਚੇਤਨ ਸਿੰਘ ਜੌੜਾਮਾਜਰਾ ਨੂੰ ਸੰਸਥਾਵਾਂ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਗੁਲਜ਼ਾਰ ਸਿੰਘ ਵਿਰਕ ਤੇ ਹਰਦੇਵ ਸਿੰਘ ਟਿਵਾਣਾ, ਯੋਗਾ ਆਚਾਰਿਆ ਰਤਨ ਜੈਨ, ਅਮਰੀਕ ਸਿੰਘ, ਟੋਨੀ ਸੈਮੀ, ਰਜਨੀ ਕੁਮਾਰੀ, ਰਾਜਿੰਦਰ ਕੁਮਾਰ, ਅਨਿਲ ਕੁਮਾਰ ਗਰਗ, ਪਵਨ ਸ਼ਾਸਤਰੀ, ਨਰੇਸ਼ ਜੈਨ, ਮਲਕੀਤ ਕੌਰ, ਜਸਜੀਤ ਸਿੰਘ, ਡਾ. ਮਦਨ ਮਿੱਤਲ, ਅੰਕੁਸ਼ ਗੋਇਲ, ਵਿਜੇ ਕੁਮਾਰ, ਦਰਸ਼ਨ ਮਿੱਤਲ, ਰਾਜੇਸ਼ ਜਿੰਦਲ, ਪਰਮੋਦ ਸਿੰਗਲਾ,ਪੱਪੂ ਛਾਬੜਾ, ਪਰਦੀਪ ਜਿੰਦਲ ਆਦਿ ਤੋਂ ਇਲਾਵਾ ਹੋਰ ਵੀ ਸ਼ਾਮਲ ਸਨ।