Coal Crisis in Punjab: ਇੱਕ ਵਾਰ ਫਿਰ ਤੋਂ ਪੰਜਾਬ ਦੇ ਸਰਕਾਰੀ ਅਤੇ ਪ੍ਰਾਈਵੇਟ ਥਰਮਲ ਪਲਾਂਟਾਂ (thermal plants of Punjab) ‘ਚ ਕੋਲੇ ਦਾ ਗੰਭੀਰ ਸੰਕਟ ਹੈ। ਹਾਲਾਤ ਇਹ ਹਨ ਕਿ ਥਰਮਲਾਂ ਵਿੱਚ ਡੇਢ ਤੋਂ 18 ਦਿਨ ਤੱਕ ਕੋਲਾ ਹੀ ਬਚਿਆ ਹੈ। ਦੂਜੇ ਪਾਸੇ ਸੰਘਣੀ ਧੁੰਦ ਪੈਣੀ ਸ਼ੁਰੂ ਹੋ ਗਈ ਹੈ ਤੇ ਅਜਿਹੇ ਵਿੱਚ ਥਰਮਲਾਂ ‘ਚ ਕੋਲੇ ਦੀ ਸਪਲਾਈ ਵਿੱਚ ਅਕਸਰ ਵਿਘਨ ਪੈਣ ਕਾਰਨ ਰੇਲ ਸੇਵਾਵਾਂ ਪ੍ਰਭਾਵਿਤ ਹੁੰਦੀਆਂ ਹਨ। ਇਸ ਦੇ ਬਾਵਜੂਦ ਪਾਵਰਕੌਮ ਵੱਲੋਂ ਥਰਮਲਾਂ ‘ਚ ਕੋਲੇ ਦਾ ਲੋੜੀਂਦਾ ਸਟਾਕ ਰੱਖਣ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ।
ਮਾਹਿਰਾਂ ਦਾ ਕਹਿਣਾ ਹੈ ਕਿ ਇਸ ਕਾਰਨ ਆਉਣ ਵਾਲੇ ਦਿਨਾਂ ‘ਚ ਬਿਜਲੀ ਸਪਲਾਈ ਵਿੱਚ ਸਮੱਸਿਆ ਆ ਸਕਦੀ ਹੈ। ਉਧਰ ਪਾਵਰਕੌਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਇਸ ਵੇਲੇ ਬਿਜਲੀ ਦੀ ਮੰਗ ਘੱਟ ਹੈ। ਬਾਹਰੋਂ ਬਿਜਲੀ ਖਰੀਦ ਕੇ ਮੰਗ ਆਸਾਨੀ ਨਾਲ ਪੂਰੀ ਕੀਤੀ ਜਾ ਰਹੀ ਹੈ। ਇਸ ਲਈ ਕੋਲੇ ਦਾ ਜ਼ਿਆਦਾ ਭੰਡਾਰ ਰੱਖਣ ਦੀ ਲੋੜ ਨਹੀਂ ਹੈ।
ਹਾਸਲ ਅੰਕੜਿਆਂ ਮੁਤਾਬਕ ਪੰਜਾਬ ਦੇ ਰੋਪੜ ਥਰਮਲ ਪਲਾਂਟ ‘ਚ ਇਸ ਵੇਲੇ 12 ਦਿਨ, ਲਹਿਰਾ ਮੁਹੱਬਤ ਵਿੱਚ 9, ਨਿੱਜੀ ਖੇਤਰ ਦੇ ਤਲਵੰਡੀ ਸਾਬੋ ਥਰਮਲ ਪਲਾਂਟ ਵਿੱਚ ਸਿਰਫ਼ ਤਿੰਨ ਦਿਨ, ਗੋਇੰਦਵਾਲ ਵਿੱਚ ਡੇਢ ਦਿਨ ਅਤੇ ਰਾਜਪੁਰਾ ਥਰਮਲ ਵਿੱਚ 18 ਦਿਨ ਕੋਲਾ ਮੌਜੂਦ ਹੈ। ਦੱਸ ਦਈਏ ਕਿ ਨਿਰਧਾਰਤ ਮਾਪਦੰਡਾਂ ਮੁਤਾਬਕ ਥਰਮਲ ਪਲਾਂਟ ਵਿੱਚ 30 ਦਿਨਾਂ ਤੱਕ ਦਾ ਕੋਲਾ ਮੌਜੂਦ ਹੋਣਾ ਜ਼ਰੂਰੀ ਹੈ। ਗਰਮੀਆਂ ਅਤੇ ਝੋਨੇ ਦੇ ਸੀਜ਼ਨ ਵਿੱਚ ਥਰਮਲਾਂ ਵਿੱਚ ਕੋਲੇ ਦਾ ਸਟਾਕ ਕਦੇ ਵੀ ਪੂਰਾ ਨਹੀਂ ਹੁੰਦਾ ਸੀ ਪਰ ਹੁਣ ਠੰਢ ਦੇ ਮੌਸਮ ‘ਚ ਵੀ ਥਰਮਲਾਂ ਵਿੱਚ ਕੋਲੇ ਦਾ ਗੰਭੀਰ ਸੰਕਟ ਖੜ੍ਹਾ ਹੋ ਗਿਆ ਹੈ।
ਪੀਐਸਈਬੀ ਇੰਜਨੀਅਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਇੰਜਨੀਅਰ ਅਜੈਪਾਲ ਸਿੰਘ ਅਟਵਾਲ ਦਾ ਕਹਿਣਾ ਹੈ ਕਿ ਧੁੰਦ ਕਾਰਨ ਥਰਮਲਾਂ ਵਿੱਚ ਕੋਲੇ ਦੀ ਸਪਲਾਈ ਵਿੱਚ ਵਿਘਨ ਪੈਂਦਾ ਹੈ ਕਿਉਂਕਿ ਅਕਸਰ ਰੇਲ ਸੇਵਾਵਾਂ ਪ੍ਰਭਾਵਿਤ ਹੁੰਦੀਆਂ ਹਨ। ਇਸ ਦੇ ਮੱਦੇਨਜ਼ਰ ਪਾਵਰਕੌਮ ਨੂੰ ਤੁਰੰਤ ਪ੍ਰਭਾਵ ਨਾਲ ਥਰਮਲਾਂ ‘ਚ ਕੋਲੇ ਦੇ ਢੁਕਵੇਂ ਭੰਡਾਰ ਨੂੰ ਯਕੀਨੀ ਬਣਾਉਣ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਬਿਜਲੀ ਸਪਲਾਈ ਵਿੱਚ ਸਮੱਸਿਆ ਆਉਣ ਦੀ ਸੰਭਾਵਨਾ ਹੈ। ਪਾਵਰਕੌਮ ਨੂੰ ਸਿਰਫ਼ ਬਾਹਰੋਂ ਬਿਜਲੀ ਖਰੀਦਣ ’ਤੇ ਹੀ ਨਿਰਭਰ ਨਹੀਂ ਰਹਿਣਾ ਚਾਹੀਦਾ, ਇਸ ਦੇ ਆਪਣੇ ਪੱਧਰ ’ਤੇ ਪ੍ਰਬੰਧ ਕਰਨੇ ਚਾਹੀਦੇ ਹਨ।
ਪਾਵਰਕੌਮ ਦੀ 9020 ਕਰੋੜ ਦੀ ਸਬਸਿਡੀ ਸਰਕਾਰ ਵੱਲ ਬਕਾਇਆ-
ਪਾਵਰਕੌਮ ਦੀਆਂ ਵਿੱਤੀ ਮੁਸ਼ਕਲਾਂ ਲਗਾਤਾਰ ਵਧ ਰਹੀਆਂ ਹਨ। ਇਸ ਸਮੇਂ ਪਾਵਰਕੌਮ ਦੀ 9020 ਕਰੋੜ ਦੀ ਸਬਸਿਡੀ ਦੀ ਰਾਸ਼ੀ ਪੰਜਾਬ ਸਰਕਾਰ ਕੋਲ ਬਕਾਇਆ ਹੈ। ਲਗਾਤਾਰ ਯਾਦ ਪੱਤਰ ਭੇਜਣ ਦੇ ਬਾਵਜੂਦ ਸਰਕਾਰ ਅਦਾਇਗੀ ਨਹੀਂ ਕਰ ਰਹੀ। ਅਜਿਹੇ ‘ਚ ਖਰਚਿਆਂ ਨੂੰ ਪੂਰਾ ਕਰਨ ਲਈ ਪਾਵਰਕੌਮ ਨੇ ਹਾਲ ਹੀ ਵਿੱਚ 1000 ਕਰੋੜ ਦਾ ਕਰਜ਼ਾ ਲਿਆ ਹੈ।
ਪੀਐਸਈਬੀ ਇੰਜਨੀਅਰਜ਼ ਐਸੋਸੀਏਸ਼ਨ ਮੁਤਾਬਕ ਪੰਜਾਬ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਪਾਵਰਕੌਮ ਨੂੰ ਸਹੀ ਢੰਗ ਨਾਲ ਚਲਾਉਣਾ ਜ਼ਰੂਰੀ ਹੈ। ਇਸ ਲਈ ਸਰਕਾਰ ਨੂੰ ਇਹ ਸਬਸਿਡੀ ਰਾਸ਼ੀ ਜਲਦੀ ਤੋਂ ਜਲਦੀ ਅਦਾ ਕਰਨੀ ਚਾਹੀਦੀ ਹੈ। ਐਸੋਸੀਏਸ਼ਨ ਮੁਤਾਬਕ ਵਿੱਤੀ ਤੰਗੀ ਕਾਰਨ ਲੋੜੀਂਦੀ ਮਾਤਰਾ ਵਿੱਚ ਕੋਲੇ ਦੀ ਖਰੀਦ ਨਹੀਂ ਹੋ ਰਹੀ ਹੈ।
ਸਰਕਾਰ ਦੇ ਲਗਾਤਾਰ ਦਾਅਵਿਆਂ ਦੇ ਬਾਵਜੂਦ ਝਾਰਖੰਡ ਸਥਿਤ ਪਾਵਰਕੌਮ ਦੀ ਪਚਵਾਰਾ ਖ਼ਾਨ ਤੋਂ ਪੰਜਾਬ ਨੂੰ ਕੋਲੇ ਦੀ ਸਪਲਾਈ ਅਜੇ ਤੱਕ ਸ਼ੁਰੂ ਨਹੀਂ ਹੋ ਸਕੀ ਹੈ। ਖਾਸ ਗੱਲ ਇਹ ਹੈ ਕਿ ਇਹ ਖਾਣ ਪੰਜਾਬ ਨੂੰ ਸਾਲਾਨਾ 70 ਲੱਖ ਟਨ ਕੋਲੇ ਦੀ ਸਪਲਾਈ ਕਰੇਗੀ, ਜਿਸ ਨਾਲ ਪਾਵਰਕੌਮ ਨੂੰ 700 ਕਰੋੜ ਰੁਪਏ ਦੀ ਬਚਤ ਹੋਵੇਗੀ ਪਰ ਸਥਾਨਕ ਪੱਧਰ ’ਤੇ ਕਈ ਸਮੱਸਿਆਵਾਂ ਕਾਰਨ ਪਛਵਾੜਾ ਕੋਲਾ ਖਾਣ ਵਿੱਚ ਕੰਮ ਸ਼ੁਰੂ ਨਹੀਂ ਹੋ ਸਕਿਆ।