ਕਾਂਗਰਸ ਛੱਡ ਭਾਜਪਾ ‘ਚ ਸ਼ਾਮਿਲ ਹੋਣ ਦੇ ਬਾਅਦ ਸੁਨੀਲ ਜਾਖੜ ਦੇ ਤਿੱਖੇ ਤੇਵਰਾਂ ਤੋਂ ਸਾਬਕਾ ਕਾਂਗਰਸੀ ਵਿਧਾਇਕ ਹਰਮਿੰਦਰ ਗਿੱਲ ਦਾ ਦਰਦ ਛਲਕਿਆ ਹੈ। ਪੱਟੀ ਤੋਂ ਸਾਬਕਾ ਵਿਧਾਇਕ ਹਰਮਿੰਦਰ ਗਿੱਲ ਨੇ ਕਿਹਾ ਕਿ ਮੈਂ ਵੀ ਜਾਖੜ ਨੂੰ ਸੀਐੱਮ ਬਣਵਾਉਣ ਲਈ ਵੋਟ ਪਾਈ ਸੀ। ਜਾਖੜ ਸੀਅੇੱਮ ਨਹੀਂ ਬਣ ਸਕੇ ਪਰ ਹੁਣ ਕਾਂਗਰਸ ਨੂੰ ਪੰਜਾਬ ‘ਚ ਕਦੇ ਸੱਤਾ ਨਾ ਮਿਲਣ ਦਾ ਸਰਾਪ ਦੇਣਾ ਠੀਕ ਨਹੀਂ। ਗਿੱਲ ਨੇ ਸੋਸ਼ਲ ਮੀਡੀਆ ਰਾਹੀਂ ਜਾਖੜ ਨੂੰ ਇਹ ਅਪੀਲ ਕੀਤੀ ਹੈ।
ਗਿੱਲ ਦਾ ਕਹਿਣਾ ਹੈ ਕਿ ਮੇਰੇ ਮਨ ‘ਚ ਜਾਖੜ ਦੇ ਪ੍ਰਤੀ ਬਹੁਤ ਸਨਮਾਨ ਹੈ।ਕਾਂਗਰਸ ਛੱਡਣ ਤੋਂ ਬਾਅਦ ਭਾਜਪਾ ਦੀ ਤਾਰੀਫ ਸਮਝ ‘ਚ ਆਉਂਦੀ ਹੈ।ਪਰ ਵਾਰ ਵਾਰ ਇਹ ਕਹਿਣਾ ਕਿ ਕਾਂਗਰਸ ਹੁਣ ਪੰਜਾਬ ‘ਚ ਸਰਕਾਰ ਨਹੀਂ ਬਣਾ ਸਕਦੀ, ਇਹ ਸਰਾਪ ਉਨ੍ਹਾਂ ਦੇ ਮੂੰਹ ਤੋਂ ਸ਼ੋਭਾ ਨਹੀਂ ਦਿੰਦੇ। ਗਿੱਲ ਨੇ ਕਿਹਾ ਕਿ ਜਾਖੜ ਦੇ ਪਿਤਾ ਬਲਰਾਮ ਜਾਖੜ ਕਾਂਗਰਸ ਦੀ ਟਿਕਟ ‘ਤੇ 3 ਵਾਰ ਸਾਂਸਦ ਬਣੇ। ਸਭ ਤੋਂ ਲੰਬੇ ਸਮੇਂ ਤੱਕ ਲੋਕਸਭਾ ਦੇ ਸਪੀਕਰ ਰਹੇ।ਦੇਸ਼ ਦੇ ਖੇਤੀਬਾੜੀ ਮੰਤਰੀ ਰਹੇ।ਆਂਧਰਾਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦੇ ਗਵਰਨਰ ਬਣੇ।ਵੱਡੇ ਭਰਾ ਸੱਜਣ ਕੁਮਾਰ ਜਾਖੜ ਪੰਜਾਬ ‘ਚ ਮੰਤਰੀ ਬਣੇ।ਜਾਖੜ ਵੀ 3 ਵਾਰ ਵਿਧਾਇਕ, ਇੱਕ ਵਾਰ ਸਾਂਸਦ, ਵਿਰੋਧੀ ਦਲ ਨੇਤਾ, ਪੰਜਾਬ ਕਾਂਗਰਸ ਪ੍ਰਧਾਨ ਰਹੇ।
ਗਿੱਲ ਦਾ ਕਹਿਣਾ ਹੈ ਕਿ ਮੈਂ ਵੀ ਉਨ੍ਹਾਂ 42 ਵਿਧਾਇਕਾਂ ‘ਚੋਂ ਇੱਕ ਸੀ, ਜਿਨ੍ਹਾਂ ਨੇ ਜਾਖੜ ਨੂੰ ਮੁੱਖ ਮੰਤਰੀ ਬਣਾਉਣ ਲਈ ਵੋਟ ਦਿੱਤਾ ਸੀ।ਹੋ ਸਕਦਾ ਹੈ ਕਿ ਕਿਤੇ ਕੋਈ ਗੱਲ ਰਹਿ ਗਈ ਹੋਵੇ।ਕਿਸੇ ਕਾਰਨ ਸੀਐੱਮ ਬਣਾਉਣ ਦੀ ਗੱਲ ਸਿਰੇ ਨਹੀਂ ਚੜੀ ਪਰ ਹੁਣ ਆਪਣੀ ਮਾਂ ਪਾਰਟੀ ਨੂੰ ਸਰਾਪ ਤਾਂ ਨਾ ਦਿਓ। ਜਾਖੜ ਨੂੰ ਉਨ੍ਹਾਂ ਦਾ ਰਾਸਤਾ ਅਤੇ ਨਵੀਂ ਪਾਰਟੀ ਮੁਬਾਰਕ ਪਰ ਆਪਣੀ ਮਾਂ ਪਾਰਟੀ ਕਾਂਗਰਸ ਨੂੰ ਚੰਗਾ-ਮਾੜਾ ਨਾ ਬੋਲੋ।