ਭਗਵੰਤ ਮਾਨ ਸਰਕਾਰ ਵੱਲੋਂ ਬਰਖਾਸਤ ਸਿਹਤ ਮੰਤਰੀ ਡਾਕਟਰ ਵਿਜੇ ਸਿੰਗਲਾ ਵੱਲੋਂ ਪੰਜਾਬ ਵਿਧਾਨ ਸਭਾ ਸਕੱਤਰੇਤ ਵਿਖੇ ਮੀਟਿੰਗ ਵਿੱਚ ਸ਼ਾਮਲ ਹੋਣ ਨੂੰ ਲੈਕੇ ਸਿਆਸਤ ਭਖਦੀ ਜਾ ਰਹੀ ਹੈ। ਮੀਟਿੰਗ ਵਿੱਚ ਸ਼ਾਮਲ ਹੋਣ ਦੀ ਤਸਵੀਰ ਵਿਜੇ ਸਿੰਗਲਾ ਵੱਲੋਂ ਖੁਦ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਹੈ ਅਤੇ ਦੱਸਿਆ ਕਿ ਗਿਆ ਕਿ ਉਹ ਪੰਜਾਬ ਵਿਧਾਨ ਸਭਾ ਸਕੱਤਰੇਤ ਵਿਖੇ ਮੀਟਿੰਗ ਵਿੱਚ ਸ਼ਾਮਲ ਹੋਏ ਹਨ।
ਪਾਰਟੀ ਚ ਸਿੰਗਲਾ ਦੀਆਂ ਵਧੀਆਂ ਸਰਗਮੀਆਂ: ਉਨ੍ਹਾਂ ਦੇ ਮੀਟਿੰਗ ਵਿੱਚ ਸ਼ਾਮਿਲ ਹੋਣ ਨੂੰ ਲੈਕੇ ਵਿਰੋਧੀ ਪਾਰਟੀਆਂ ਵੱਲੋਂ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਜਾ ਰਿਹਾ ਹੈ। ਕਾਂਗਰਸ ਨੇ ਭਗਵੰਤ ਮਾਨ ਸਰਕਾਰ ’ਤੇ ਤੰਜ਼ ਕਸਦਿਆਂ ਕਿਹਾ ਹੈ ਕਿ ਭਗਵੰਤ ਮਾਨ ਸਰਕਾਰ ਕਹਿੰਦੀ ਸੀ ਕਿ ਉਨ੍ਹਾਂ ਦੀ ਸਰਕਾਰ ਵਿੱਚ ਭ੍ਰਿਸ਼ਟ ਮੰਤਰੀਆਂ ਅਤੇ ਵਿਧਾਇਕਾਂ ਲਈ ਕੋਈ ਥਾਂ ਨਹੀਂ ਹੈ ਪਰ ਦੂਜੇ ਪਾਸੇ ਉਹ ਵਿਧਾਇਕ ਜਿਸਨੂੰ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਹੇਠ ਮੰਤਰੀ ਦੇ ਅਹੁਦੇ ਤੋਂ ਹਟਾਇਆ ਗਿਆ ਸੀ ਉਹ ਵਿਧਾਇਕ ਪੰਜਾਬ ਵਿਧਾਨਸਭਾ ਸਕੱਤਰੇਤ ਵਿਖੇ ਮੀਟਿੰਗਾਂ ਵਿੱਚ ਸ਼ਾਮਲ ਹੋ ਰਿਹਾ ਹੈ। ਕਾਂਗਰਸ ਨੇ ਮਾਨ ਸਰਕਾਰ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਇਹ ਕਿਹੋ ਜਿਹਾ ਬਦਲਾਅ ਹੈ ?
ਕਾਂਗਰਸ ਨੇ ਘੇਰੀ ਸਰਕਾਰ: ਇੱਥੇ ਦੱਸ ਦਈਏ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਮਾਨਸਾ ਤੋਂ ਵਿਧਾਇਕ ਡਾ. ਵਿਜੇ ਸਿੰਗਲਾ ਨੂੰ ਸਿਹਤ ਮੰਤਰੀ ਬਣਾਇਆ ਗਿਆ ਸੀ ਜਿੰਨ੍ਹਾਂ ਮਰਹੂਮ ਪੰਜਾਬ ਗਾਇਕ ਸਿੱਧੂ ਮੂਸੇਵਾਲਾ ਨੂੰ ਵੱਡੀ ਲੀਡ ’ਤੇ ਹਰਾਇਆ ਸੀ। ਇਸ ਦੌਰਾਨ ਉਨ੍ਹਾਂ ਨੂੰ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਹੇਠ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਨ੍ਹਾਂ ਮੰਤਰੀ ਪਦ ਤੋਂ ਹਟਾ ਦਿੱਤਾ ਗਿਆ ਅਤੇ ਗ੍ਰਿਫਤਾਰ ਕਰਵਾ ਕੇ ਜਾਂਚ ਵਿੱਢੀ ਗਈ ਹੈ। ਫਿਲਹਾਲ ਸਾਬਕਾ ਮੰਤਰੀ ਜ਼ਮਾਨਤ ਤੇ ਬਾਹਰ ਹਨ ਅਤੇ ਮੁੜ ਤੋਂ ਪਾਰਟੀ ਵਿੱਚ ਸਰਗਰਮ ਹੁੰਦੇ ਵਿਖਾਈ ਦੇ ਰਹੇ ਹਨ। ਉਨ੍ਹਾਂ ਦੀ ਪਾਰਟੀ ਵਿੱਚ ਸਰਗਰਮੀ ਤੇ ਪਾਰਟੀ ਦੇ ਆਗੂਆਂ ਵੱਲੋਂ ਚੁੱਪੀ ਧਾਰੀ ਹੋਈ ਹੈ।
ਵਿਜੇ ਸਿੰਗਲਾ ਦੀ ਸਮੂਲੀਅਤ ਤੇ ਸਰਕਾਰ ਨੇ ਧਾਰੀ ਚੁੱਪੀ!: ਇਸ ਦੇ ਨਾਲ ਹੀ ਜਦੋਂ ਵੀ ਵਿਜੇ ਸਿੰਗਲਾ ਨੂੰ ਹੁਣ ਮੀਡੀਆ ਵੱਲੋਂ ਭ੍ਰਿਸ਼ਟਾਚਾਰ ਨੂੰ ਲੈਕੇ ਕੋਈ ਸਵਾਲ ਕੀਤਾ ਜਾਂਦਾ ਹੈ ਤਾਂ ਉਹ ਸਿੱਧੀ ਚੁਣੌਤੀ ਦਿੰਦੇ ਵੀ ਵਿਖਾਈ ਦਿੰਦੇ ਹਨ ਕਿ ਉਸ ਖਿਲਾਫ਼ ਸਬੂਤ ਪੇਸ਼ ਕੀਤੇ ਜਾਣ ਜਦਕਿ ਦੂਜੇ ਪਾਸੇ ਸੀਐਮ ਭਗਵੰਤ ਮਾਨ ਨੇ ਦਾਅਵਾ ਕੀਤਾ ਸੀ ਕਿ ਜਦੋਂ ਸਿੰਗਲਾ ਤੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੇ ਆਪਣੀ ਭ੍ਰਿਸ਼ਟਾਚਾਰ ਸਬੰਧੀ ਗਲਤੀ ਕਬੂਲੀ ਸੀ। ਫਿਲਹਾਲ ਸਿੰਗਲਾ ਦੀਆਂ ਪਾਰਟੀ ਵਿਚ ਮੁੜ ਸਰਗਰਮੀਆਂ ਨੇ ਪੰਜਾਬ ਦਾ ਸਿਆਸੀ ਪਾਰਾ ਚੜ੍ਹਾ ਦਿੱਤਾ ਹੈ ਪਰ ਪਾਰਟੀ ਆਗੂ ਵਿਜੇ ਸਿੰਗਲਾ ਦੀ ਸਰਗਰਮੀ ਤੇ ਚੁੱਪੀ ਧਾਰੀ ਬੈਠੇ ਦਿਖਾਈ ਦੇ ਰਹੇ ਹਨ।