ਕਾਂਗਰਸ ਪਾਰਟੀ ਵੱਲੋਂ ਸ਼ੁਰੂ ਕੀਤੀ ਭਾਰਤ ਜੋੜੋ ਯਾਤਰਾ ਨਾਲ ਦੇਸ਼ ਦਾ ਸਿਆਸੀ ਬਿਰਤਾਂਤ ਕੁਝ ਹੱਦ ਤੱਕ ਤਬਦੀਲ ਹੋਣ ਦੀਆਂ ਸੰਭਾਵਨਾਵਾਂ ਹਨ। ਡੇਢ ਸੌ ਦਿਨ ਅੰਦਰ 3570 ਕਿਲੋਮੀਟਰ ਇਸ ਯਾਤਰਾ ਨਾਲ ਸਿਵਲ ਸੁਸਾਇਟੀ ਦੇ ਬਹੁਤ ਸਾਰੇ ਗਰੁੱਪਾਂ ਅਤੇ ਮਹੱਤਵਪੂਰਨ ਵਿਅਕਤੀਆਂ ਨੇ ਮਿਲ ਕੇ ਚੱਲਣ ਦਾ ਫ਼ੈਸਲਾ ਕੀਤਾ ਹੈ। ਕਾਂਗਰਸ ਅਨੁਸਾਰ ਇਹ ਭਾਰਤੀ ਜਨਤਾ ਪਾਰਟੀ ਦੀਆਂ ਭਾਈਚਾਰਕ ਪਾੜਿਆਂ ਅਤੇ ਕੇਂਦਰੀਕਰਨ ਨੂੰ ਵਧਾਉਣ ਵਾਲੀਆਂ ਨੀਤੀਆਂ ਨੂੰ ਚੁਣੌਤੀ ਦੇਣ ਲਈ ਸਮਾਜ ਨਾਲ ਸੰਵਾਦ ਰਚਾਉਣ ਦਾ ਯਤਨ ਹੈ।
ਭਾਜਪਾ ਨੇ ਇਸ ਨੂੰ ‘ਪਰਿਵਾਰ ਬਚਾਓ ਯਾਤਰਾ’ ਦਾ ਨਾਮ ਦਿੱਤਾ ਹੈ। ਬਹੁਤ ਸਾਰੇ ਆਲੋਚਕਾਂ ਅਨੁਸਾਰ ਕਾਂਗਰਸ ਕੋਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਜ਼ਬੂਤ ਲੀਡਰਸ਼ਿਪ ਦੇ ਸਾਹਮਣੇ ਖੜ੍ਹਾ ਕਰਨ ਲਈ ਕੋਈ ਆਗੂ ਨਹੀਂ ਹੈ ਅਤੇ ਪਾਰਟੀ ਅੰਦਰੂਨੀ ਤੌਰ ’ਤੇ ਫੁੱਟ ਦਾ ਸ਼ਿਕਾਰ ਹੈ।
ਇਹ ਮਾਰਚ ਇੱਕ ਹੰਭ ਚੁੱਕੀ ਪਾਰਟੀ ਦੇ ਝੰਡਾ ਬਰਦਾਰੀ ਵਾਲੇ ਹੌਂਸਲੇ ਨੂੰ ਮੁੜ ਬੁਲੰਦ ਕਰਨ ਅਤੇ ਇਸ ਦੇ ਆਗੂ ਦੇ ਢਹਿ ਰਹੇ ਅਕਸ ਨੂੰ ਉਭਾਰਨ ਲਈ ਇੱਕ ਕੋਸ਼ਿਸ਼ ਹੈ।
ਇਸ ਸਭ ਕੁਝ ਦੇ ਬਾਵਜੂਦ ਸੰਸਦ ਦੇ ਮੌਨਸੂਨ ਇਜਲਾਸ ਵਿਚ ਕੇਂਦਰ ਸਰਕਾਰ ਪਹਿਲੀ ਵਾਰ ਬਚਾਅ ਕਰਦੀ ਨਜ਼ਰ ਆਈ ਜਦੋਂ ਵਿਰੋਧੀ ਧਿਰਾਂ ਨੇ ਮਹਿੰਗਾਈ, ਕਿਸਾਨੀ ਅਤੇ ਰੁਜ਼ਗਾਰ ਦੇ ਮੁੱਦਿਆਂ ਉੱਤੇ ਸਰਕਾਰ ਨੂੰ ਚਰਚਾ ਕਰਨ ਲਈ ਮਜਬੂਰ ਕੀਤਾ। ਪਿਛਲੇ ਕੁਝ ਸਮੇਂ ਤੋਂ ਕੇ. ਚੰਦਰਸ਼ੇਖਰ ਰਾਓ, ਨਿਤੀਸ਼ ਕੁਮਾਰ ਅਤੇ ਕਈ ਹੋਰ ਆਗੂ ਵੀ ਵਿਰੋਧੀ ਧਿਰਾਂ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ। ਭਾਰਤ ਜੋੜੋ ਯਾਤਰਾ ਦੇ ਸੰਦਰਭ ਵਿਚ ਕਿਹਾ ਜਾ ਰਿਹਾ ਹੈ ਕਿ ਇਹ ਵਿਚਾਰਧਾਰਵਾਂ ਦੀ ਲੜਾਈ ਦਾ ਆਰੰਭ ਹੈ।
ਭਾਜਪਾ ਦੀ 2014 ਦੀ ਜਿੱਤ ਤੋਂ ਬਾਅਦ ਬਣਾਏ ਬਿਰਤਾਂਤ ਵਿਚ ਉਲਝ ਕੇ ਵਿਰੋਧੀ ਧਿਰਾਂ ਧਰਮਨਿਰਪੱਖਤਾ, ਜਮਹੂਰੀਅਤ ਅਤੇ ਘੱਟਗਿਣਤੀਆਂ ਨਾਲ ਹੋ ਰਹੇ ਵਿਤਕਰੇ ਸਮੇਤ ਬਹੁਤ ਸਾਰੇ ਮੁੱਦਿਆਂ ਉੱਤੇ ਸਟੈਂਡ ਲੈਣ ਤੋਂ ਗੁਰੇਜ਼ ਕਰਨ ਲੱਗੀਆਂ ਸਨ।
ਸਾਲ 2014 ਵਿੱਚ ਮੋਦੀ ਦੇ ਸਰਕਾਰ ਵਿੱਚ ਆਉਣ ਤੋਂ ਬਾਅਦ ਕਾਂਗਰਸ ਢਹਿ ਢੇਰੀ ਹੁੰਦੀ ਆਈ ਹੈ। ਇਸ ਨੂੰ ਲਗਾਤਾਰ ਦੋ ਆਮ ਚੋਣਾਂ ਵਿੱਚ ਭਾਜਪਾ ਨੇ ਹਰਾਇਆ ਹੈ, ਅਤੇ 45 ਵਿੱਚੋਂ 40 ਸੂਬਾਈ ਚੋਣਾਂ ਵਿੱਚ ਭਾਜਪਾ ਤੋਂ ਹਾਰੀ ਹੈ।
ਪਾਰਟੀ ਹੁਣ ਭਾਰਤ ਦੇ ਸਿਰਫ਼ ਦੋ ਸੂਬਿਆਂ ਵਿੱਚ ਸੱਤਾ ਵਿੱਚ ਹੈ। ਪਾਰਟੀ ਵਿੱਚ ਲਗਾਤਾਰ ਅਤੇ ਵੱਡੇ ਪੱਧਰ ”ਤੇ ਅਸਹਿਮੀਤੀ ਦੀਆਂ ਸੁਰਾਂ ਉੱਭਰ ਰਹੀਆਂ ਹਨ।