ਲੋਕ ਸਭਾ ਚੋਣਾਂ ਵਿਚਾਲੇ ਚੋਣ ਪ੍ਰਚਾਰ ਦੌਰਾਨ ਕਈ ਆਗੂ ਧਰਮਾਂ ਨਾਲ ਜੁੜੀਆਂ ਬਿਆਨਬਾਜ਼ੀਆਂ ਕਰ ਕੇ ਘਿਰਦੇ ਨਜ਼ਰ ਆ ਰਹੇ ਹਨ। ਹੁਣ ਸਾਬਕਾ ਵਿਧਾਇਕ ਅਤੇ ਭਾਜਪਾ ਆਗੂ ਅਮਰਪਾਲ ਸਿੰਘ ਬੋਨੀ ਅਜਨਾਲਾ ਦਾ ਇਕ ਵਿਵਾਦਿਤ ਬਿਆਨ ਵਾਇਰਲ ਹੋ ਰਿਹਾ ਹੈ। ਜਿਸ ਵਿਚ ਉਹ ਕਹਿ ਰਹੇ ਹਨ ਕਿ ‘ਪ੍ਰਭੂ ਯਿਸੂ ਮਸੀਹ ਵੱਡਾ ਭਰਾ ਤੇ ਸਿੱਖ ਸੱਭ ਤੋਂ ਛੋਟਾ ਬੱਚਾ’ ਹੈ।
ਅੰਮ੍ਰਿਤਸਰ ਵਿਚ ਇਸਾਈ ਭਾਈਚਾਰੇ ਦੇ ਇਕ ਪ੍ਰੋਗਰਾਮ ਦੌਰਾਨ ਬੋਨੀ ਅਜਨਾਲ਼ਾ ਨੇ ਕਿਹਾ, ‘2024 ਦਾ ਸੱਭ ਤੋਂ ਵੱਡਾ ਧਰਮ ਮਸੀਹ ਭਾਈਚਾਰਾ ਹੈ। ਸੱਭ ਤੋਂ ਵੱਡਾ ਭਰਾ ਪ੍ਰਭੂ ਯਿਸੂ ਮਸੀਹ ਅਤੇ ਸੱਭ ਤੋਂ ਛੋਟਾ ਭਰਾ ਸਿੱਖ ਹੈ’। ਸਿੱਖ ਭਾਈਚਾਰੇ ਵਿਚ ਇਸ ਬਿਆਨ ਨੂੰ ਲੈ ਕੇ ਰੋਸ ਦੇਖਣ ਨੂੰ ਮਿਲ ਰਿਹਾ ਹੈ। ਬਿਆਨ ਦੀ ਨਿਖੇਧੀ ਹੋਣ ਮਗਰੋਂ ਭਾਜਪਾ ਆਗੂ ਨੇ ਮੁਆਫ਼ੀ ਵੀ ਮੰਗੀ ਅਤੇ ਕਿਹਾ ਕਿ ਉਨ੍ਹਾਂ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ।
&;
ਇਕ ਵੀਡੀਓ ਜਾਰੀ ਕਰਦਿਆਂ ਅਜਨਾਲਾ ਨੇ ਕਿਹਾ, ‘ਮੇਰੀ ਅਜਿਹੀ ਕੋਈ ਗਲਤ ਭਾਵਨਾ ਨਹੀਂ ਸੀ, ਮੇਰੇ ਬਿਆਨ ਨਾਲ ਛੇੜਛਾੜ ਕੀਤੀ ਗਈ ਅਤੇ ਇਹ ਕਿਸ ਨੇ ਕੀਤੀ ਹੈ, ਉਸ ਬਾਰੇ ਮੈਨੂੰ ਪਤਾ ਹੈ। ਜਿਸ ਧਰਮ ਵਿਚ ਮੇਰਾ ਜਨਮ ਹੋਇਆ ਉਹ ਸਰਬ ਸਾਂਝੀਵਾਲਤਾ ਦਾ ਸੁਨੇਹਾ ਦਿੰਦਾ ਹੈ ਤੇ ਮੈਂ ਹਰੇਕ ਭਾਈਚਾਰੇ ਦਾ ਦਿਲੋਂ ਸਤਿਕਾਰ ਕਰਦਾ ਹਾਂ ਅਤੇ ਕਰਦਾ ਰਹਾਂਗਾ’। ਬੋਨੀ ਅਜਨਾਲਾ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਬਿਆਨ ਨਾਲ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਉਹ ਮੁਆਫ਼ੀ ਮੰਗਦੇ ਹਨ।