Corruption: ਕੁਝ ਸਮਾਂ ਪਹਿਲਾਂ ਲੁਧਿਆਣਾ ਅਦਾਲਤ ਕੰਪਲੈਕਸ ਵਿਖੇ ਹੋਏ ਬੰਬ ਧਮਾਕੇ (Bomb Blast) ਨੂੰ ਲੈਕੇ ਐਸਟੀਐਫ ਵਲੋਂ ਬਾਰਡਰ ਏਰੀਆ ਦੇ ਕੁਝ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ, ਜਿਨ੍ਹਾਂ ਕੋਲੋਂ ਐਸਟੀਐਫ ਵਲੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਸੀ, ਕੁਝ ਦਿਨ ਪਹਿਲਾਂ ਐਸਟੀਐਫ ਵਲੋਂ ਇਕ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੱਤੀ ਗਈ ਸੀ ਕਿ ਉਨ੍ਹਾਂ ਨੇ ਇਹ ਪਤਾ ਲਗਾਇਆ ਹੈ ਕਿ ਕਿਵੇਂ ਬੰਬ ਬਣਾਉਣ ਦੀ ਸਮੱਗਰੀ ਤੇ ਆਈਈਡੀ ਕਿਵੇਂ ਲੁਧਿਆਣਾ ਪਹੁੰਚਾਈ ਗਈ ਤੇ ਕਿਵੇਂ ਇਹ ਪਾਕਿਸਤਾਨ ਰਸਤੇ ਭਾਰਤ ਪਹੁੰਚੀ ਸੀ।
ਉਸੇ ਕੇਸ ਦੌਰਾਨ ਪੁੱਛਗਿੱਛ ਕਰਦੇ ਹੋਏ ਐਸਟੀਐਫ ਵਲੋਂ ਸ਼ੁੱਕਰਵਾਰ ਸਵੇਰੇ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਥਾਣਾ ਲੋਪੋਕੇ ਦੇ ਐਡੀਸ਼ਨਲ ਐਸਐਚਓ ਨਰਿੰਦਰ ਸਿੰਘ ਨੂੰ ਗ੍ਰਿਫਤਾਰ ਕਰਨ ਦੀ ਸੂਚਨਾ ਪ੍ਰਾਪਤ ਹੋਈ ਹੈ।
ਵਿਭਾਗੀ ਸੂਤਰਾਂ ਨੇ ਦਸਿਆ ਕਿ ਉਕਤ ਨਰਿੰਦਰ ਸਿੰਘ ਨੇ ਨਸ਼ਾ ਤਸਕਰਾਂ ਕੋਲੋਂ ਨਸ਼ਾ ਬਾਰਡਰ ਪਾਰ ਲਗਾਉਣ ਦੇ ਕਰੀਬ ਦਸ ਲੱਖ ਰੁਪਏ ਲਏ ਸਨ। ਇੱਥੇ ਇਹ ਜ਼ਿਕਰਯੋਗ ਹੈ ਕਿ ਇਸ ਸਬੰਧੀ ਅਜੇ ਕੋਈ ਵੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਤੇ ਕੋਈ ਵੀ ਅਧਿਕਾਰੀ ਸਿੱਧੇ ਤੌਰ ‘ਤੇ ਇਸ ਦੀ ਪੁਸ਼ਟੀ ਕਰਨ ਜਾਂ ਦੱਸਣ ਲਈ ਤਿਆਰ ਨਹੀਂ ਹਨ। ਗੱਲਬਾਤ ਦੌਰਾਨ ਐੱਸਐੱਸਪੀ ਅੰਮ੍ਰਿਤਸਰ ਦਿਹਾਤੀ ਸਵਪਨ ਸ਼ਰਮਾ ਨੇ ਦੱਸਿਆ ਕਿ ਉਕਤ ਨਰਿੰਦਰ ਸਿੰਘ ਨੂੰ ਐਸਟੀਐਫ ਨੇ ਗ੍ਰਿਫਤਾਰ ਕੀਤਾ ਹੈ ਤੇ ਅਜੇ ਇਸਦੀ ਜਾਂਚ ਚੱਲ ਰਹੀ ਹੈ।