ਹੁਸ਼ਿਆਰਪੁਰ ਦੀ ਅਦਾਲਤ ਨੇ ਜਲੰਧਰ ਦੇ ਮੌਜੂਦਾ ਡੀਸੀਪੀ ਨਰੇਸ਼ ਡੋਗਰਾ ਅਤੇ ਉਨ੍ਹਾਂ ਦੇ ਕੁਝ ਸਾਥੀਆਂ ਨੂੰ ਸ਼ਹਿਰ ਦੇ ਮਸ਼ਹੂਰ ਹੋਟਲ ਰਾਇਲ ਪਲਾਜ਼ਾ ਮਾਮਲੇ ਵਿੱਚ ਆਈਪੀਸੀ ਦੀ ਧਾਰਾ 307 ਤਹਿਤ ਤਲਬ ਕੀਤਾ ਹੈ। ਅਦਾਲਤ ਵੱਲੋਂ ਇਰਾਦਾ-ਏ-ਕਤਲ ਦੀ ਧਾਰਾ ਤਹਿਤ ਤਲਬ ਕੀਤੇ ਜਾਣ ਤੋਂ ਬਾਅਦ ਨਰੇਸ਼ ਡੋਗਰਾ ‘ਤੇ ਗ੍ਰਿਫਤਾਰੀ ਦੀ ਤਲਵਾਰ ਲਟਕ ਗਈ ਹੈ। ਸਾਲ 2019 ‘ਚ ਹੁਸ਼ਿਆਰਪੁਰ ਦੇ ਹੋਟਲ ਰਾਇਲ ਪਲਾਜ਼ਾ ‘ਚ ਲੜਾਈ ਹੋਈ ਸੀ, ਜਿਸ ‘ਚ ਪੰਜਾਬ ਪੁਲਸ ਅਧਿਕਾਰੀ ਨਰੇਸ਼ ਡੋਗਰਾ ਦਾ ਨਾਂ ਸਾਹਮਣੇ ਆਇਆ ਸੀ। ਉਸ ਸਮੇਂ ਨਰੇਸ਼ ਡੋਗਰਾ ਪੰਜਾਬ ਪੁਲੀਸ ਦੀ ਫਿਲੌਰ ਅਕੈਡਮੀ ਵਿੱਚ ਕਮਾਂਡੈਂਟ ਵਜੋਂ ਤਾਇਨਾਤ ਸਨ।
ਹੋਟਲ ਰਾਇਲ ਪਲਾਜ਼ਾ ਦੇ ਮਾਲਕ ਵਿਸ਼ਵਨਾਥ ਬੰਟੀ ਅਨੁਸਾਰ 3 ਜਨਵਰੀ 2019 ਨੂੰ ਰਾਤ 9:15 ਵਜੇ ਉਨ੍ਹਾਂ ਨੂੰ ਹੋਟਲ ਮੈਨੇਜਰ ਦਾ ਫੋਨ ਆਇਆ। ਹੋਟਲ ਪ੍ਰਬੰਧਕ ਨੇ ਦੱਸਿਆ ਕਿ ਫਿਲੌਰ ਪੁਲੀਸ ਅਕੈਡਮੀ ਦੇ ਕਮਾਂਡੈਂਟ ਨਰੇਸ਼ ਡੋਗਰਾ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਹੋਟਲ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਨਰੇਸ਼ ਡੋਗਰਾ ਦਾ ਸਾਥ ਦੇਣ ਵਾਲਿਆਂ ਵਿੱਚ ਹੋਟਲ ਰਾਇਲ ਪਲਾਜ਼ਾ ਵਿੱਚ ਬੰਟੀ ਦਾ ਸਾਥੀ ਵਿਵੇਕ ਕੌਸ਼ਲ, ਤਤਕਾਲੀ ਨਾਇਬ ਤਹਿਸੀਲਦਾਰ ਮਨਜੀਤ ਸਿੰਘ, ਸ਼ਿਵੀ ਡੋਗਰਾ, ਹਰਨਾਮ ਸਿੰਘ ਉਰਫ਼ ਹਰਮਨ ਸਿੰਘ ਸਮੇਤ 10-15 ਅਣਪਛਾਤੇ ਵਿਅਕਤੀ ਸ਼ਾਮਲ ਸਨ।
ਵਿਸ਼ਵਨਾਥ ਬੰਟੀ ਅਨੁਸਾਰ ਮੈਨੇਜਰ ਦੇ ਕਹਿਣ ‘ਤੇ ਉਹ ਤੁਰੰਤ ਆਪਣੇ ਤਿੰਨ ਸਾਥੀਆਂ ਅਜੈ ਰਾਣਾ, ਨਵਾਬ ਹੁਸੈਨ ਅਤੇ ਬਾਬੂ ਸਮੇਤ ਹੋਟਲ ਪਹੁੰਚ ਗਿਆ। ਜਦੋਂ ਉਨ੍ਹਾਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਨਰੇਸ਼ ਡੋਗਰਾ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਡੋਗਰਾ, ਵਿਵੇਕ ਕੌਸ਼ਲ ਅਤੇ ਤਤਕਾਲੀ ਨਾਇਬ ਤਹਿਸੀਲਦਾਰ ਮਨਜੀਤ ਸਿੰਘ ਨੇ ਉਸ ਨੂੰ ਮਾਰਨ ਦੀ ਗੱਲ ਕਹੀ। ਲੜਾਈ ਦੌਰਾਨ ਡੋਗਰਾ ਦੇ ਸਾਥੀ ਹਰਨਾਮ ਸਿੰਘ ਨੇ ਉਸ ‘ਤੇ ਰਿਵਾਲਵਰ ਨਾਲ ਗੋਲੀ ਚਲਾ ਦਿੱਤੀ ਜੋ ਉਸ ਦੇ ਸਾਥੀ ਅਜੇ ਰਾਣਾ ਦੇ ਪੱਟ ‘ਤੇ ਲੱਗੀ। ਉਸ ਦੇ ਸਾਥੀ ਨਵਾਬ ਹੁਸੈਨ ਨੂੰ ਵੀ ਗੰਭੀਰ ਸੱਟਾਂ ਲੱਗੀਆਂ।
ਹੁਸ਼ਿਆਰਪੁਰ ਅਦਾਲਤ ਦੇ ਹੁਕਮਾਂ ‘ਚ ਕਿਹਾ ਗਿਆ ਹੈ ਕਿ ਜਦੋਂ ਅਜੇ ਰਾਣਾ ਨੂੰ ਜ਼ਖਮੀ ਹਾਲਤ ‘ਚ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਲਿਜਾਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪਤਾ ਲੱਗਾ ਕਿ ਨਰੇਸ਼ ਡੋਗਰਾ ਅਤੇ ਉਸ ਦੇ ਸਾਥੀ ਪਹਿਲਾਂ ਹੀ ਉੱਥੇ ਪਹੁੰਚ ਚੁੱਕੇ ਸਨ। ਅਜਿਹੇ ‘ਚ ਅਜੈ ਰਾਣਾ ਅਤੇ ਨਵਾਬ ਹੁਸੈਨ ਨੂੰ ਜਲੰਧਰ ਦੇ ਜੌਹਲ ਹਸਪਤਾਲ ਲਿਜਾਇਆ ਗਿਆ। ਉਥੇ 6 ਜਨਵਰੀ ਤੱਕ ਉਸਦਾ ਇਲਾਜ ਚੱਲਿਆ। ਜਿਸ ਤੋਂ ਬਾਅਦ ਅਜੈ ਰਾਣਾ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਦਾਖਲ ਕਰਵਾਇਆ ਗਿਆ।