Crime Scene:ਸਪੈਸ਼ਲ ਟਾਸਕ ਫੋਰਸ ਦੀ ਟੀਮ ਨੇ ਜੀਟੀ ਰੋਡ ਮੁਕੇਰੀਆਂ ‘ਤੇ ਕੀਤੀ ਗਈ ਨਾਕੇਬੰਦੀ ਦੌਰਾਨ ਸ੍ਰੀਨਗਰ ਤੋਂ ਹੈਰੋਇਨ ਲਿਆ ਕੇ ਪੰਜਾਬ ‘ਚ ਸਪਲਾਈ ਕਰਨ ਵਾਲੇ ਬੀਏ ਦੂਜੇ ਸਾਲ ਦੇ ਵਿਦਿਆਰਥੀ ਨੂੰ ਗਿ੍ਫ਼ਤਾਰ ਕਰ ਕੇ ਉਸ ਕੋਲੋਂ ਹੈਰੋਇਨ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਆਈਜੀ ਸਪੈਸ਼ਲ ਟਾਸਕ ਫੋਰਸ ਪੰਜਾਬ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਸਪੈਸ਼ਲ ਟਾਸਕ ਫੋਰਸ ਦੀ ਟੀਮ ਨੇ ਜੀਟੀ ਰੋਡ ਮੁਕੇਰੀਆਂ ‘ਤੇ ਨਾਕੇਬੰਦੀ ਕੀਤੀ ਹੋਈ ਸੀ ਕਿ ਮੋਟਰਸਾਈਕਲ ‘ਤੇ ਆ ਰਹੇ ਇਕ ਨੌਜਵਾਨ ਨੂੰ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਇਕ ਦਮ ਘਬਰਾ ਕੇ ਪਿੱਛੇ ਮੁੜਨ ਲਗਾ।
ਪੁਲਿਸ ਪਾਰਟੀ ਨੇ ਉਸ ਨੂੰ ਕਾਬੂ ਕਰ ਕੇ ਜਦ ਤਲਾਸ਼ੀ ਲਈ ਤਾਂ ਉਸ ਦੀ ਜੇਬ ‘ਚੋਂ 200 ਗ੍ਰਾਮ ਹੈਰੋਇਨ ਬਰਾਮਦ ਹੋਈ। ਉਕਤ ਨੌਜਵਾਨ ਦੀ ਪਛਾਣ ਮੁਹੰਮਦ ਅਸਲਮ ਵਾਸੀ ਜੰਮੂ ਕਸ਼ਮੀਰ ਦੇ ਰੂਪ ਵਿਚ ਹੋਈ ਹੈ, ਨੂੰ ਗਿ੍ਫ਼ਤਾਰ ਕਰ ਕੇ ਉਸਦੇ ਖ਼ਿਲਾਫ਼ ਐੱਸਟੀਐੱਫ ਥਾਣਾ ਮੁਹਾਲੀ ‘ਚ ਐੱਨਡੀਪੀਐੱਸ ਦੇ ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਹੈ।