ਚੰਡੀਗੜ੍ਹ ਵਿਚ ਬੱਸ ਸੇਵਾ ਨੂੰ ਆਧੁਨਿਕ ਬਣਾਉਣ ਦੇ ਟੀਚੇ ਨਾਲ ਸੈਕਟਰ-43 ਦੇ ਬੱਸ ਅੱਡ ਵਿਖੇ ਤਿਆਰ ਕੀਤੇ ਗਏ ਕਮਾਂਡ ਕੰਟਰੋਲ ਸੈਂਟਰ ਅਤੇ ਸਮਾਰਚ ਕਾਰਡ ਸਿਸਟਮ ਦਾ ਉਦਘਾਟਨ ਅੱਜ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਕੀਤਾ। ਇਸ ਪ੍ਰਣਾਲੀ ਨਾਲ ਬੱਸ ਵਿੱਚ ਸਫ਼ਰ ਕਰਨ ਵਾਲੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸੁਵਿਧਾਵਾਂ ਦਿੱਤੀਆਂ ਜਾਣਗੀਆਂ। ਹੁਣ ਕੋਈ ਵੀ ਵਿਅਕਤੀ ਈ-ਟਿਕਟ ਰਾਹੀਂ ਬੱਸ ਵਿੱਚ ਸਫ਼ਰ ਕਰ ਸਕੇਗਾ। ਇਸ ਤੋਂ ਇਲਾਵਾ ਰੋਜ਼ਾਨਾ ਬੱਸ ਵਿੱਚ ਸਫ਼ਰ ਕਰਨ ਵਾਲੇ ਵਿਅਕਤੀ ਸਮਾਰਟ ਕਾਰਡ ਬਣਵਾ ਸਕਣਗੇ, ਜਿਸ ਨੂੰ ਸੈਕਟਰ-17, 43 ਬੱਸ ਅੱਡੇ, ਈ-ਸੰਪਰਕ ਸੈਂਟਰ ਅਤੇ ‘ਟਰਾਈਸਿਟੀ ਬੱਸ’ ਨਾਮ ਦੀ ਮੋਬਾਈਲ ਐਪਲੀਕੇਸ਼ਨ ਰਾਹੀਂ ਰੀਚਾਰਜ ਕਰ ਕੇ ਵੀ ਬੱਸ ’ਚ ਸਫ਼ਰ ਕੀਤਾ ਜਾ ਸਕੇਗਾ। ਕੇਂਦਰੀ ਗ੍ਰਹਿ ਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲੇ ਦੇ ਸਿਟੀ ਬੱਸ ਸਰਵਿਸ ਪ੍ਰਾਜੈਕਟ ਤਹਿਤ ਯੂਟੀ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਇਹ ਸਿਸਟਮ ਸ਼ੁਰੂ ਕੀਤਾ ਹੈ। ਪ੍ਰਸ਼ਾਸਨ ਵੱਲੋਂ ਸ਼ੁਰੂਆਤੀ ਦੌਰ ਵਿੱਚ 59 ਰੂਟਾਂ ’ਤੇ ਚੱਲਣ ਵਾਲੀਆਂ ਸੀਟੀਯੂ ਦੀਆਂ 358 ਬੱਸਾਂ ’ਤੇ ਨਜ਼ਰ ਰੱਖੀ ਜਾਵੇਗੀ। ਇਹ ਜਾਣਕਾਰੀ ਸੈਕਟਰ-17 ਤੇ 43 ਸਥਿਤ ਬੱਸ ਅੱਡਿਆਂ ਅਤੇ ਰੇਲਵੇ ਸਟੇਸ਼ਨ ’ਤੇ ਸਕਰੀਨ ਰਾਹੀਂ ਵੀ ਸਾਂਝੀ ਕੀਤੀ ਜਾਵੇਗੀ।
ਇਸ ਤੋਂ ਇਲਾਵਾ ਸ਼ਹਿਰ ਦੇ ਬੱਸ ਸਟਾਪਾਂ ’ਤੇ ਵੀ ਬੱਸਾਂ ਦੀ ਸਮਾਂ ਸਾਰਨੀ ਲਈ ਇਲੈਕਟ੍ਰਿਕ ਡਿਸਪਲੇਅ ਬੋਰਡ ਲਗਾ ਦਿੱਤੇ ਗਏ ਹਨ, ਜਿਨ੍ਹਾਂ ’ਤੇ ਬੱਸਾਂ ਦਾ ਸਮਾਂ ਦਰਸਾਇਆ ਜਾਂਦਾ ਹੈ। ਯਾਤਰੀ ਵੀ ਮੋਬਾਈਲ ਐਪ ਰਾਹੀਂ ਬੱਸ ਨੂੰ ਚੈੱਕ ਕਰ ਸਕਣਗੇ। ਸੀਟੀਯੂ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਕੋਈ ਮੁਲਾਜ਼ਮ ਸਵਾਰੀਆਂ ਨਾਲ ਦੁਰਵਿਹਾਰ ਕਰਦਾ ਹੈ ਤਾਂ ਉਸ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ, ਸਕੱਤਰ ਟਰਾਂਸਪੋਰਟ ਮਨਦੀਪ ਸਿੰਘ ਬਰਾੜ, ਡਾਇਰੈਕਟਰ ਟਰਾਂਸਪੋਰਟ ਸਤੀਸ਼ ਕੁਮਾਰ ਜੈਨ, ਜਨਰਲ ਮੈਨੇਜਰ ਅਮਿਤ ਗੁਪਤਾ, ਯਸ਼ਜੀਤ ਗੁਪਤਾ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਵੀ ਹਾਜ਼ਰ ਸਨ।