ਬਰਨਾਲਾ ਦੇ ਦਮਨੀਤ ਸਿੰਘ ਮਾਨ ਨੇ 36ਵੀਆਂ ਕੌਮੀ ਖੇਡਾਂ ਵਿੱਚ ਹੈਮਰ ਥਰੋਅ ਮੁਕਾਬਲੇ ਵਿੱਚ ਪੰਜਾਬ ਵੱਲੋਂ ਹਿੱਸਾ ਲੈਂਦਿਆ 67.62 ਮੀਟਰ ਥਰੋਅ ਸੁੱਟ ਕੇ ਨਵਾਂ ਨੈਸ਼ਨਲ ਗੇਮਜ਼ ਰਿਕਾਰਡ ਬਣਾਉਂਦਿਆਂ ਪੰਜਾਬ ਲਈ ਇਨ੍ਹਾਂ ਖੇਡਾਂ ਵਿੱਚ ਪਹਿਲਾ ਸੋਨੇ ਦਾ ਤਮਗ਼ਾ ਜਿੱਤਿਆ। ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦਮਨੀਤ ਸਿੰਘ ਮਾਨ ਨੂੰ ਇਸ ਪ੍ਰਾਪਤੀ ਲਈ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਦਮਨੀਤ ਭਾਰਤੀ ਅਥਲੈਟਿਕਸ ਦਾ ਸੁਨਹਿਰੀ ਭਵਿੱਖ ਹੈ। ਦਮਨੀਤ ਸੀਨੀਅਰ ਵਰਗ ਵਿੱਚ ਇਸ ਪ੍ਰਾਪਤੀ ਤੋਂ ਪਹਿਲਾ ਜੂਨੀਅਰ ਵਰਗ ਵਿੱਚ ਯੂਥ ਵਿਸ਼ਵ ਚੈਂਪੀਅਨਸ਼ਿਪ ਤੇ ਯੂਥ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਸਿਲਵਰ ਮੈਡਲ ਜਿੱਤਿਆ ਹੈ। ਦਮਨੀਤ ਦਾ ਅਗਲਾ ਟੀਚਾ ਏਸ਼ੀਆਈ ਖੇਡਾਂ ‘ਚ ਗੋਲਡ ਜਿੱਤਣਾ ਹੈ।
ਇਹ ਵੀ ਪੜ੍ਹੋ- ਕੇਜਰੀਵਾਲ ਨੂੰ ਡਿਨਰ ‘ਤੇ ਸੱਦਾ ਦੇਣ ਵਾਲਾ ਆਟੋ ਚਾਲਕ ਪਹੁੰਚਿਆ ਭਾਜਪਾ ਦੀ ਰੈਲੀ ‘ਚ, ਕਿਹਾ- ਅਸੀਂ ਤਾਂ ਮੋਦੀ ਦੇ ਆਸ਼ਿਕ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਦਮਨੀਤ ਸਿੰਘ ਮਾਨ ਨੇ ਜਪਾਨ ਦੇ ਸ਼ਹਿਰ ਗੀਫੂ ਵਿਖੇ ਚੱਲ ਰਹੀ 18ਵੀਂ ਏਸ਼ੀਅਨ ਜੂਨੀਅਰ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਮਗਾ ਜਿੱਤ ਕੇ ਸੂਬੇ ਅਤੇ ਦੇਸ਼ ਦਾ ਨਾਂਅ ਚਮਕਾਇਆ ਸੀ। ਦਮਨੀਤ ਸਿੰਘ ਮਾਨ ਨੇ ਹੈਮਰ ਥਰੋਅ ਈਵੈਂਟ ‘ਚ ਉਸ ਸਮੇਂ 74.06 ਮੀਟਰ ਥਰੋਅ ਸੁੱਟ ਕੇ ਚਾਂਦੀ ਦਾ ਤਮਗਾ ਜਿੱਤਿਆ। ਇਸ ਈਵੈਂਟ ‘ਚ ਭਾਰਤ ਦੇ ਹੀ ਇੱਕ ਹੋਰ ਅਥਲੀਟ ਆਸ਼ੀਸ਼ ਜਾਖੜ ਨੇ 76.86 ਮੀਟਰ ਥਰੋਅ ਸੁੱਟ ਕੇ ਸੋਨ ਤਮਗਾ ਜਿੱਤਿਆ।