ਦਿੱਲੀ ਵਿੱਚ ਕੋਵਿਡ-19 ਅਤੇ ਓਮੀਕ੍ਰੋਨ ਦੇ ਤੇਜ਼ੀ ਨਾਲ ਵਧਦੇ ਮਾਮਲਿਆਂ ਵਿਚਾਲੇ ਅੱਜ ਦਿੱਲੀ ਆਫਤ ਪ੍ਰਬੰਧਨ ਅਥਾਰਟੀ ਦੀ ਬੈਠਕ ਹੋਈ। ਸੂਤਰਾਂ ਮੁਤਾਬਕ ਬੈਠਕ ਵਿਚ ਫੈਸਲਾ ਲਿਆ ਗਿਆ ਹੈ ਕਿ ਫਿਲਹਾਲ ਦਿੱਲੀ ਵਿਚ ਲੌਕਡਾਊਨ ਨਹੀਂ ਲੱਗੇਗਾ ਪਰ ਕੁੱਝ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਹਨ। ਸੂਤਰਾਂ ਮੁਤਾਬਕ ਰਾਜਧਾਨੀ ਵਿਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਵਿਚਾਲੇ ਰੈਸਟੋਰੈਂਟ ਦੀ ਡਾਈਨ-ਇਨ ਸੇਵਾ ਬੰਦ ਹੋ ਸਕਦੀ ਹੈ। ਹਾਲਾਂਕਿ ਟੇਕ-ਅਵੇ ਸੇਵਾ ਜਾਰੀ ਰਹੇਗੀ। ਇਸ ਤੋਂ ਇਲਾਵਾ ਹਫਤਾਵਰੀ ਮਾਰਕੀਟ ਨੂੰ ਲੈ ਕੇ ਵੀ ਸਖ਼ਤ ਕਦਮ ਚੁੱਕੇ ਜਾ ਸਕਦੇ ਹਨ।
ਉਥੇ ਹੀ ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ ਨੇ ਰਾਜਧਾਨੀ ਵਿੱਚ ਕੋਵਿਡ ਪ੍ਰੋਟੋਕੋਲ ਦੀ ਹੋਰ ਸਖ਼ਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਗੱਲ ਕਹੀ ਗਈ ਹੈ। ਇਸ ਦੇ ਨਾਲ ਹੀ ਐਨ.ਸੀ.ਆਰ. ਦੀਆਂ ਸਰਕਾਰਾਂ ਨੂੰ ਦਿੱਲੀ ਵਾਂਗ ਪਾਬੰਦੀਆਂ ਲਗਾਉਣ ਦੀ ਅਪੀਲ ਕੀਤੀ ਗਈ ਹੈ। ਇਸ ਤੋਂ ਇਲਾਵਾ ਪ੍ਰਵਾਸੀ ਮਜ਼ਦੂਰਾਂ ਦੀ ਨੌਕਰੀ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵੀ ਕਿਹਾ ਗਿਆ ਹੈ।
ਦੱਸ ਦੇਈਏ ਕਿ ਐਤਵਾਰ ਨੂੰ ਦੇਸ਼ ਦੀ ਰਾਸ਼ਟਰੀ ਰਾਜਧਾਨੀ ਵਿੱਚ ਕੋਵਿਡ 19 ਦੇ 22,751 ਨਵੇਂ ਮਾਮਲੇ ਸਾਹਮਣੇ ਆਏ ਹਨ। ਜਦੋਂ ਕਿ ਪਾਜ਼ੇਟਿਵੀਟੀ ਦਰ ਹੁਣ 23.53 ਫੀਸਦੀ ਸੀ। ਇਸ ਦੇ ਨਾਲ ਹੀ ਪਿਛਲੇ 24 ਘੰਟਿਆਂ ਵਿੱਚ 17 ਲੋਕਾਂ ਦੀ ਮੌਤ ਹੋਈ ਹੈ, ਜੋ ਇਸ ਸਾਲ ਹੁਣ ਤੱਕ ਦਾ ਸਭ ਤੋਂ ਵੱਧ ਹੈ। ਇੰਨਾ ਹੀ ਨਹੀਂ ਪਿਛਲੇ ਸਾਲ ਮਈ ਮਹੀਨੇ ਤੋਂ ਬਾਅਦ ਇਹ ਇੱਕ ਦਿਨ ‘ਚ ਸਭ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਪਿਛਲੇ ਸਾਲ 9 ਮਈ ਤੋਂ ਬਾਅਦ ਐਤਵਾਰ ਨੂੰ ਸਭ ਤੋਂ ਵੱਧ ਪਾਜ਼ੇਟਿਵੀਟੀ ਦਰ ਦਰਜ ਕੀਤੀ ਗਈ ਹੈ।