ਮਾਨਸਾ ਵਿਖੇ ਨਸ਼ੇ ਦੀ ਓਵਰਡੋਜ਼ ਦੇ ਨਾਲ ਸਰਕਾਰੀ ਨੌਕਰੀ ਕਰਦੇ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਮ੍ਰਿਤਕ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਪਰਿਵਾਰ ਵਲੋਂ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਮਾਨਸਾ ਵਿਖੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਨਸ਼ੇ ਦੀ ਓਵਰਡੋਜ਼ ਨਾਲ ਹਰ ਦਿਨ ਪੰਜਾਬ ਦੇ ਵਿੱਚ ਨੋਜਵਾਨਾਂ ਦੀ ਮੌਤ ਹੋ ਰਹੀ ਹੈ ਅੱਜ ਮਾਨਸਾ ਦੇ ਇੱਕ ਨੌਜਵਾਨ ਪਰਵਿੰਦਰ ਸਿੰਘ(28) ਜੋ ਕਿ ਸਰਕਾਰੀ ਵਿਭਾਗ ਦੇ ਵਿੱਚ ਨੌਕਰੀ ਕਰਦਾ ਸੀ ਦੀ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਦੇ ਪਰਿਵਾਰ ਵੱਲੋਂ ਨਸ਼ਾ ਵਿਰੋਧੀ ਐਕਸ਼ਨ ਕਮੇਟੀ ਦੇ ਸਹਿਯੋਗ ਦੇ ਨਾਲ ਮਾਨਸਾ ਜ਼ਿਲਾ ਕਚਹਿਰੀ ਦੇ ਵਿੱਚ ਧਰਨਾ ਲਗਾ ਕੇ ਨਸ਼ੇ ਵੇਚਣ ਵਾਲਿਆਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।
ਮ੍ਰਿਤਕ ਨੌਜਵਾਨ ਦੀ ਭੈਣ ਪ੍ਰਭਜੋਤ ਕੌਰ ਨੇ ਦੱਸਿਆ ਕਿ ਉਸ ਦਾ ਭਰਾ ਨਸ਼ੇ ਕਰਨ ਦਾ ਆਦੀ ਸੀ ਅਤੇ ਨਸ਼ੇ ਦੇ ਕਾਰਣ ਹੀ ਉਸਨੇ ਆਪਣੀ ਜਮੀਨ ਜਾਇਦਾਦ ਵੀ ਵੇਚ ਦਿੱਤੀ ਅਤੇ ਨਸ਼ੇ ਦੀ ਪੂਰਤੀ ਦੇ ਲਈ ਘਰ ਵਿੱਚ ਪੈਸੇ ਦੀ ਮੰਗ ਨੂੰ ਲੈ ਕੇ ਕੁੱਟਮਾਰ ਵੀ ਕਰਦਾ ਸੀ।
ਉਹਨਾਂ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਸਬੰਧੀ ਪੁਲੀਸ ਨੂੰ ਸੂਚਨਾ ਵੀ ਦਿੱਤੀ ਗਈ ਸੀ, ਤਾਂ ਕਿ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਪਰ ਪੁਲਿਸ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਜਿਸ ਕਾਰਨ ਉਸ ਦੇ ਭਰਾ ਦੀ ਮੌਤ ਹੋ ਗਈ ਹੈ ਉਹਨਾਂ ਦੱਸਿਆ ਕਿ ਪਿਛਲੇ ਦਿਨੀ ਓਵਰਡੋਜ ਹੋਣ ਕਾਰਨ ਉਸ ਨੂੰ ਮਾਨਸਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੋਂ ਰਾਤ ਸਮੇਂ ਉਹਨਾਂ ਨੂੰ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਗਿਆ ਸੀ ।
ਪਰ ਪਟਿਆਲਾ ਵਿਖੇ ਵੀ ਚੰਗਾ ਟ੍ਰੀਟਮੈਂਟ ਨਹੀਂ ਮਿਲਿਆ ਮ੍ਰਿਤਕ ਨੌਜਵਾਨ ਦੀ ਭੈਣ ਨੇ ਹਸਪਤਾਲ ਸਟਾਫ ਤੇ ਵੀ ਸਵਾਲ ਉਠਾਏ ਨੇ ਕਿ ਉਸਦੇ ਨਾਲ ਦੁਰਵਿਵਹਾਰ ਕੀਤਾ ਗਿਆ ਉਹਨਾਂ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਨਸ਼ੇ ਵੇਚਣ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤਾਂ ਕਿ ਕਿਸੇ ਹੋਰ ਭੈਣ ਦਾ ਭਰਾ ਅਤੇ ਮਾਂ ਦਾ ਪੁੱਤ ਇਸ ਦੁਨੀਆ ਤੋਂ ਨਸ਼ੇ ਦੇ ਕਾਰਣ ਨਾ ਜਾਵੇ।