deepit sharma commissioned lieutenant: ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ 7ਵੇਂ ਕੋਰਸ ਦੇ ਕੈਡਿਟ ਦੀਪਿਤ ਸ਼ਰਮਾ ਨੂੰ ਅੱਜ ਚੇਨਈ ਵਿਖੇ ਆਫੀਸਰਜ਼ ਟ੍ਰੇਨਿੰਗ ਅਕੈਡਮੀ (ਓਟੀਏ) ਵਿੱਚ ਹੋਈ ਪਾਸਿੰਗ ਆਊਟ ਪਰੇਡ ਵਿੱਚ ਭਾਰਤੀ ਫੌਜ ਦੀ ਕੁਮਾਉਂ ਰੈਜੀਮੈਂਟ,ਜੋ ਕਿ ਫੌਜ ਦੀਆਂ ਸਭ ਤੋਂ ਪੁਰਾਣੀਆਂ ਇਨਫੈਂਟਰੀ ਰੈਜੀਮੈਂਟਾਂ ਵਿੱਚੋਂ ਇੱਕ ਹੈ, ਵਿੱਚ ਬਤੌਰ ਲੈਫਟੀਨੈਂਟ ਕਮਿਸ਼ਨ ਮਿਲਿਆ ਹੈ। ਇਸ ਪਾਸਿੰਗ ਆਊਟ ਪਰੇਡ ਦਾ ਨਿਰੀਖਣ ਹਵਾਈ ਫੌਜ ਦੇ ਮੁਖੀ, ਏਅਰ ਚੀਫ ਮਾਰਸ਼ਲ ਅਮਰ ਪ੍ਰੀਤ ਸਿੰਘ, ਪੀਵੀਐਸਐਮ, ਏਵੀਐਸਐਮ ਵੱਲੋਂ ਕੀਤਾ ਗਿਆ।

ਜ਼ਿਲ੍ਹਾ ਪਠਾਨਕੋਟ ਦੇ ਰਹਿਣ ਵਾਲੇ ਕੈਡਿਟ ਦੀਪਿਤ ਸ਼ਰਮਾ ਨੇ ਆਪਣੇ ਪਿਤਾ ਦੇ ਨਕਸ਼ੇ-ਕਦਮ ਉਤੇ ਚੱਲਦਿਆਂ ਫੌਜ ਵਿੱਚ ਅਧਿਕਾਰੀ ਬਣਿਆ ਹੈ। ਉਸਦੇ ਪਰਿਵਾਰ ਲਈ ਹੋਰ ਵੀ ਮਾਣ ਵਾਲੀ ਗੱਲ ਇਹ ਹੈ ਕਿ ਉਸਨੂੰ ਕੁਮਾਉਂ ਰੈਜੀਮੈਂਟ ਦੇ ਉਸੇ ਯੂਨਿਟ ਵਿੱਚ ਕਮਿਸ਼ਨ ਮਿਲਿਆ ਹੈ, ਜਿੱਥੇ ਉਸਦੇ ਪਿਤਾ ਸੇਵਾ ਨਿਭਾਅ ਰਹੇ ਹਨ। ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਨੇ ਲੈਫਟੀਨੈਂਟ ਦੀਪਿਤ ਸ਼ਰਮਾ ਨੂੰ ਵਧਾਈ ਦਿੱਤੀ ਅਤੇ ਰਾਸ਼ਟਰ ਦੀ ਸੇਵਾ ਵਿੱਚ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਲੈਫਟੀਨੈਂਟ ਸ਼ਰਮਾ ਦੀ ਕਮਿਸ਼ਨਿੰਗ ਨਾਲ, ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ ਕਮਿਸ਼ਨ ਅਫਸਰ ਬਣਨ ਵਾਲੇ ਕੈਡਿਟਾਂ ਦੀ ਗਿਣਤੀ 179 ਹੋ ਗਈ ਹੈ।
ਇਸ ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ ਅਜੈ.ਐਚ. ਚੌਹਾਨ, ਵੀ.ਐਸ.ਐਮ. (ਸੇਵਾਮੁਕਤ), ਨੇ ਲੈਫਟੀਨੈਂਟ ਦੀਪਿਤ ਸ਼ਰਮਾ ਨੂੰ ਕਮਿਸ਼ਨ ਅਫ਼ਸਰ ਬਣਨ ਉਤੇ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ ਕੈਡਿਟਾਂ ਦੇ ਮੌਜੂਦਾ ਬੈਚ ਲਈ ਯੂ.ਪੀ.ਐਸ.ਸੀ. ਐਨਡੀਏ (2) ਲਿਖਤੀ ਪ੍ਰੀਖਿਆ 14 ਸਤੰਬਰ, 2025 ਨੂੰ ਹੋਵੇਗੀ, ਜੋ ਕਿ ਅਫਸਰ ਬਣਨ ਦੇ ਚਾਹਵਾਨਾਂ ਲਈ ਬਹੁਤ ਅਹਿਮ ਹੈ।