ਦਿੱਲੀ ਨਗਰ ਨਿਗਮ (ਐਮਸੀਡੀ) ਨੇ ਐਤਵਾਰ ਨੂੰ ਆਪਣੇ ਅਧਿਕਾਰ ਖੇਤਰ ਵਿੱਚ ਆਉਣ ਵਾਲੇ ਲੋਕਾਂ ਨੂੰ ਆਪਣੇ ਪਾਲਤੂ ਜਾਨਵਰਾਂ ਨੂੰ ਰਜਿਸਟਰ ਕਰਨ ਲਈ ਕਿਹਾ ਅਤੇ ਅਜਿਹਾ ਨਾ ਕਰਨ ‘ਤੇ ਸਖ਼ਤ ਕਾਰਵਾਈ ਦੀ ਚੇਤਾਵਨੀ ਦਿੱਤੀ। ਨਗਰ ਨਿਗਮ ਨੇ ਇਹ ਕਦਮ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਕੁੱਤਿਆਂ ਵੱਲੋਂ ਲੋਕਾਂ ਨੂੰ ਵੱਢਣ ਦੀਆਂ ਵੱਧ ਰਹੀਆਂ ਘਟਨਾਵਾਂ ਦਰਮਿਆਨ ਚੁੱਕਿਆ ਹੈ।
MCD ਦੇ ਵੈਟਰਨਰੀ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਪਾਲਤੂ ਕੁੱਤਿਆਂ ਦੀ ਰਜਿਸਟਰੇਸ਼ਨ ਦਿੱਲੀ ਨਗਰ ਨਿਗਮ ਐਕਟ ਦੇ ਤਹਿਤ ਲਾਜ਼ਮੀ ਹੈ, ਪਰ ਲੋਕ ਆਪਣੇ ਪਸ਼ੂਆਂ ਦੀ ਰਜਿਸਟਰੇਸ਼ਨ ਕਰਨ ਤੋਂ ਝਿਜਕ ਰਹੇ ਹਨ।
ਨਗਰ ਨਿਗਮ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ, “ਕੁੱਤਿਆਂ ਦੇ ਕੱਟਣ ਦੀਆਂ ਵਧਦੀਆਂ ਘਟਨਾਵਾਂ ਦੇ ਮੱਦੇਨਜ਼ਰ, MCD ਨਾਗਰਿਕਾਂ ਨੂੰ ਆਪਣੇ ਕੁੱਤਿਆਂ ਨੂੰ ਰਜਿਸਟਰ ਕਰਨ ਲਈ ਕਹਿੰਦਾ ਹੈ, ਜੋ ਕਿ ਦਿੱਲੀ ਮਿਉਂਸਪਲ ਕਾਰਪੋਰੇਸ਼ਨ ਐਕਟ, 1957 ਦੀ ਧਾਰਾ 399 ਦੇ ਤਹਿਤ ਲਾਜ਼ਮੀ ਹੈ। ਇਹ ਧਾਰਾ ਜਨਤਕ ਥਾਵਾਂ ‘ਤੇ ਪਾਏ ਜਾਣ ਵਾਲੇ ਪਾਲਤੂ ਕੁੱਤਿਆਂ ਨੂੰ ਫੜਨ ਦਾ ਅਧਿਕਾਰ ਦਿੰਦੀ ਹੈ, ਜੋ ਕਿ ਨਗਰ ਨਿਗਮ ਕੋਲ ਰਜਿਸਟਰਡ ਨਹੀਂ ਹਨ।
ਬਿਆਨ ਵਿੱਚ ਕਿਹਾ ਗਿਆ ਹੈ ਕਿ, “ਅਸੀਂ ਨਾਗਰਿਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਆਪਣੇ ਪਾਲਤੂ ਕੁੱਤਿਆਂ ਨੂੰ ਜਲਦੀ ਤੋਂ ਜਲਦੀ ਰਜਿਸਟਰ ਕਰ ਲੈਣ, ਨਹੀਂ ਤਾਂ ਡੀਐਮਸੀ ਐਕਟ ਅਨੁਸਾਰ ਬਣਦੀ ਕਾਰਵਾਈ ਕੀਤੀ ਜਾ ਸਕਦੀ ਹੈ। ਇਹ ਨਿਯਮ ਉਨ੍ਹਾਂ ਲੋਕਾਂ ਉੱਤੇ ਵੀ ਲਾਗੂ ਹੁੰਦਾ ਹੈ ਜਿਨ੍ਹਾਂ ਨੇ ਆਵਾਰਾ ਕੁੱਤਿਆਂ ਨੂੰ ਪਾਲਤੂ ਜਾਨਵਰ ਵਜੋਂ ਗੋਦ ਲਿਆ ਹੈ।
ਪਾਲਤੂ ਜਾਨਵਰਾਂ ਦੇ ਮਾਲਕਾਂ ਦੀ ਸਹੂਲਤ ਲਈ, MCD ਕੁੱਤਿਆਂ ਦੀ ਰਜਿਸਟ੍ਰੇਸ਼ਨ ਲਈ ਸੁਵਿਧਾਜਨਕ ਅਤੇ ਮੁਸ਼ਕਲ ਰਹਿਤ ਔਨਲਾਈਨ ਸਹੂਲਤ ਪ੍ਰਦਾਨ ਕਰ ਰਿਹਾ ਹੈ। ਐਮਸੀਡੀ ਨੇ ਕਿਹਾ ਕਿ ਜਿਨ੍ਹਾਂ ਦਸਤਾਵੇਜ਼ਾਂ ਨੂੰ ਜਮ੍ਹਾਂ ਕਰਾਉਣ ਦੀ ਜ਼ਰੂਰਤ ਹੈ ਉਨ੍ਹਾਂ ਵਿੱਚ ਐਂਟੀ-ਰੇਬੀਜ਼ ਟੀਕਾਕਰਨ ਸਰਟੀਫਿਕੇਟ, ਜਾਨਵਰ ਦੀ ਫੋਟੋ, ਰਿਹਾਇਸ਼ ਦਾ ਸਬੂਤ ਅਤੇ ਮਾਲਕ ਦਾ ਪਛਾਣ ਸਬੂਤ ਸ਼ਾਮਲ ਹਨ।