ਹਿੰਸਾ ਖ਼ਿਲਾਫ਼ ਜਾਂਚ ਕਮੇਟੀ ਬਿਠਾਉਣ ਅਤੇ ਯੂਨੀਵਰਸਿਟੀ ਵਿੱਚ ਸਿਹਤ ਸੰਬੰਧੀ ਪ੍ਰਬੰਧਾਂ ਨੂੰ ਸੁਧਾਰਨ ਹਿੱਤ ਦਿੱਤਾ ਵਾਈਸ ਚਾਂਸਲਰ ਨੂੰ ਮੰਗ ਪੱਤਰ
ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀਆਂ, ਖੋਜਾਰਥੀਆਂ, ਅਧਿਆਪਕਾਂ ਨੇ ‘ਹਿੰਸਾ ਖ਼ਿਲਾਫ਼ ਸਾਂਝਾ ਮੋਰਚਾ’ ਦੀ ਅਗਵਾਈ ਵਿਚ ਯੂਨੀਵਰਸਿਟੀ ਵਿੱਚ ਰੋਸ ਮਾਰਚ ਕੀਤਾ ਅਤੇ ਵਾਈਸ ਚਾਂਸਲਰ ਨੂੰ ਆਪਣਾ ਮੰਗ ਪੱਤਰ ਸੌਂਪਿਆ।
ਇਸ ਮੰਗ ਪੱਤਰ ਰਾਹੀਂ ਮੰਗ ਕੀਤੀ ਗਈ ਕਿ 14 ਸਤੰਬਰ ਨੂੰ ਯੂਨੀਵਰਸਿਟੀ ਅੰਦਰ ਪ੍ਰੋਫੈਸਰ ਸੁਰਜੀਤ ’ਤੇ ਭੀੜ ਵੱਲੋਂ ਕੀਤੀ ਗਈ ਹਿੰਸਾ ਦੇ ਅਪਰਾਧੀਆਂ ਦੀ ਪਛਾਣ ਕਰਕੇ ਢੁੱਕਵੀਂ ਕਾਰਵਾਈ ਕਰਨ ਵਾਸਤੇ ਯੂਨੀਵਰਸਿਟੀ ਪ੍ਰਸ਼ਾਸਨ ਇੱਕ ਜਾਂਚ ਕਮੇਟੀ ਦਾ ਗਠਨ ਕਰੇ।
ਮੁਲਜ਼ਮ ਵਿਅਕਤੀਆਂ ਨੂੰ ਯੂਨੀਵਰਸਿਟੀ ’ਚੋਂ ਮੁਅੱਤਲ ਕੀਤਾ ਜਾਵੇ ਤਾਂ ਜੋ ਉਹ ਜਾਂਚ ਕਮੇਟੀ ਦੀ ਕਾਰਵਾਈ ਵਿੱਚ ਦਖਲਅੰਦਾਜ਼ੀ ਨਾ ਕਰ ਸਕਣ। ਪ੍ਰੋ. ਸੁਰਜੀਤ ਦੇ ਨਿਰਦੋਸ਼ ਸਾਬਿਤ ਹੋਣ ਦੀ ਸੂਰਤ ਵਿਚ ਉਹਨਾਂ ਨੂੰ ਅਧਿਆਪਨ ਤੇ ਹੋਰ ਜ਼ਿੰਮੇਵਾਰੀਆਂ ਨਿਭਾਉਣ ਲਈ ਮੁੜ ਯੂਨੀਵਰਸਿਟੀ ਕੈਂਪਸ ਵਿਚ ਲਿਆਂਦਾ ਜਾਵੇ।
ਯੂਨੀਵਰਸਿਟੀ ਅੰਦਰ ਬੀਮਾਰ ਵਿਦਿਆਰਥੀਆਂ ਪ੍ਰਤੀ ਸੰਵੇਦਨਸ਼ੀਲਤਾ ਪੈਦਾ ਕਰਨ ਹਿਤ ਯੂਨੀਵਰਸਿਟੀ ਦੇ ਸਲ੍ਹਾਬੇ ਤੇ ਖ਼ਸਤਾ ਹਾਲਤ ਵਾਲੇ ਹੋਸਟਲਾਂ ਦੀ ਮੁਰੰਮਤ ਅਤੇ ਉਨ੍ਹਾਂ ਦਾ ਨਵੀਨੀਕਰਨ ਕੀਤਾ ਜਾਵੇ। ਯੂਨੀਵਰਸਿਟੀ ਡਿਸਪੈਂਸਰੀ ਵਿਚ ਇਕ ਮੈਡੀਕਲ ਸਲਾਹਕਾਰ ਦੀ ਨਿਯੁਕਤੀ ਕੀਤੀ ਜਾਵੇ ਤਾਂ ਜੋ ਵਿਦਿਆਰਥੀਆਂ ਨੂੰ ਮੁੱਢਲੇ ਪੱਧਰ ‘ਤੇ ਹੀ ਬਿਮਾਰੀ ਦੇ ਕਾਰਨਾਂ ਤੋਂ ਜਾਣੂੰ ਕਰਵਾ ਕੇ ਅਗਲੇਰੇ ਤੋਂ ਇਲਾਜ ਵਾਸਤੇ ਢੁੱਕਵੀ ਸਲਾਹ ਦਿੱਤੀ ਜਾ ਸਕੇ। ਯੂਨੀਵਰਸਿਟੀ ਡਿਸਪੈਂਸਰੀ ਦਾ ਨੇੜੇ ਦੇ ਸਰਕਾਰੀ, ਪ੍ਰਾਈਵੇਟ ਹਸਪਤਾਲਾਂ ਨਾਲ ਸੰਸਥਾਗਤ ਤਾਲਮੇਲ ਹੋਵੇ।
ਇਸ ਮੰਗ ਪੱਤਰ ਦੇ ਨਾਲ ਨਾਲ ਇਹਨਾਂ ਹੀ ਮੰਗਾਂ ਨੂੰ ਲੈ ਕੇ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਦੁਆਰਾ ਦਸਤਖ਼ਤ ਕੀਤੀ ਪਟੀਸ਼ਨ ਵੀ ਵਾਈਸ ਚਾਂਸਲਰ ਨੂੰ ਸੌਂਪੀ ਗਈ। ਜ਼ਿਕਰਯੋਗ ਹੈ ਕਿ ‛ਹਿੰਸਾ ਖ਼ਿਲਾਫ਼ ਸਾਂਝਾ ਮੋਰਚਾ’ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪਿਛਲੇ ਦਿਨੀਂ ਇਹ ਦਸਤਖ਼ਤ ਮੁਹਿੰਮ ਚਲਾਈ ਗਈ ਸੀ
ਜਿਸ ਤਹਿਤ ਯੂਨੀਵਰਸਿਟੀ ਦੇ 1971 ਵਿਦਿਆਰਥੀਆਂ ਨੇ ਯੂਨੀਵਰਸਿਟੀ ਵਿੱਚ ਹਿੰਸਾ ਖ਼ਿਲਾਫ਼ ਜਾਂਚ ਕਮੇਟੀ ਬਿਠਾਉਣ, ਹਿੰਸਾ ਵਿੱਚ ਸ਼ਾਮਿਲ ਵਿਅਕਤੀਆਂ ਦੀ ਸ਼ਨਾਖ਼ਤ ਕਰਨ ਅਤੇ ਯੂਨੀਵਰਸਿਟੀ ਵਿੱਚ ਬਿਮਾਰ ਵਿਦਿਆਰਥੀਆਂ ਲਈ ਸਿਹਤ ਪ੍ਰਬੰਧਾਂ ਨੂੰ ਸੁਧਾਰਨ ਵਰਗੀਆਂ ਮੰਗਾਂ ਨੂੰ ਲੈ ਕੇ ਦਸਤਖ਼ਤ ਕਰਕੇ ਆਪਣੀ ਸਹਿਮਤੀ ਦਰਜ ਕਰਵਾਈ ਸੀ।
ਵਾਈਸ ਚਾਂਸਲਰ ਦਫ਼ਤਰ ਅੱਗੇ ਦੋ ਘੰਟੇ ਲਗਾਤਾਰ ਸਟੇਜ ਚੱਲੀ ਅਤੇ ਵੱਖ ਵੱਖ ਬੁਲਾਰਿਆਂ ਨੇ ਤਕਰੀਰਾਂ ਕੀਤੀਆਂ। ਮੰਚ ਸੰਚਾਲਨ ਕਰਦਿਆਂ ਜਗਤਾਰ ਨੇ 14 ਸਤੰਬਰ ਨੂੰ ਪ੍ਰੋਫੈਸਰ ਸੁਰਜੀਤ ’ਤੇ ਹੋਏ ਹਮਲੇ ਤੋਂ ਲੈ ਕੇ ਹੁਣ ਤਕ ਦੀ ਯੂਨੀਵਰਸਿਟੀ ਦੀ ਧਾਰੀ ਹੋਈ ਚੁੱਪ ’ਤੇ ਸੁਆਲ ਚੁੱਕੇ।
ਸਵਾਮੀ ਸਰਬਜੀਤ ਨੇ ਕਿਹਾ ਕਿ ਜੇਕਰ ਅਸੀਂ ਇਕ ਅਧਿਆਪਕ ’ਤੇ ਹੋਏ ਹਮਲੇ ਬਾਰੇ ਨਹੀਂ ਬੋਲਦੇ ਤਾਂ ਅਧਿਆਪਕਾਂ ਤੇ ਵਿਦਿਆਰਥੀਆਂ ਦੇ ਪਾਕ ਰਿਸ਼ਤੇ ਦਰਮਿਆਨ ਪਾੜੇ ਪੈਣਗੇ। ਪਰਮਜੀਤ ਸਿੰਘ ਨੇ ਇਸ ਮਸਲੇ ਵਿਚ ਅਫ਼ਵਾਹਾਂ ਦੀ ਸਿਆਸਤ ਬਾਰੇ ਗੱਲ ਕਰਦਿਆਂ ਕਿਹਾ ਕਿ ਪ੍ਰੋਫੈਸਰ ਸੁਰਜੀਤ ’ਤੇ ਹਮਲਾ ਵਿਦਿਆਰਥੀਆਂ ਤੋਂ ਇਕ ਸੁਹਿਰਦ ਅਧਿਆਪਕ ਖੋਹੇ ਜਾਣ ਦੀ ਸਾਜ਼ਿਸ਼ ਹੈ।
ਵਰਿੰਦਰ ਖੁਰਾਣਾ ਨੇ ਕਿਹਾ ਕਿ ਮਰਹੂਮ ਵਿਦਿਆਰਥਣ ਜਸ਼ਨਦੀਪ ਦੀ ਮੌਤ ਨੂੰ ਕੋਝੇ ਤਰੀਕੇ ਨਾਲ ਪ੍ਰੋਫੈਸਰ ਸੁਰਜੀਤ ’ਤੇ ਹਮਲਾ ਕਰਨ ਲਈ ਵਰਤਿਆ ਗਿਆ ਹੈ। ਰਵਿੰਦਰ ਘੁੰਮਣ ਨੇ ਮੁਲਕ ਵਿਚ ਭੀੜ ਦੁਆਰਾ ਕੀਤੀ ਜਾਂਦੀ ਹਿੰਸਾ ਨਾਲ ਇਸ ਘਟਨਾ ਨੂੰ ਜੋੜਿਆ। ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕਿਹਾ ਕਿ ਇਸ ਸਾਰੇ ਘਟਨਾਕ੍ਰਮ ਵਿਚ ਸਾਥੋਂ ਇਕ ਅਜਿਹਾ ਅਧਿਆਪਕ ਖੋਹਿਆ ਗਿਆ ਹੈ ਜੋ ਸਾਨੂੰ ਕਲਾਸ ਵਿਚ ਸਮਾਜ, ਜੈਂਡਰ, ਸਿੱਖਿਆ ਦੇ ਮੁੱਦਿਆਂ ਬਾਰੇ ਸੰਵੇਦਨਸ਼ੀਲ ਹੋਣ ਦੀ ਗੱਲ ਸਿਖਾਉਂਦਾ ਹੈ।
ਮੋਰਚੇ ਨੇ ਐਲਾਨ ਕੀਤਾ ਕਿ ਜਦੋਂ ਤੱਕ ਉਪਰੋਕਤ ਮੰਗਾਂ ’ਤੇ ਕਾਰਵਾਈ ਕਰਨ ਬਾਰੇ ਯੂਨੀਵਰਸਿਟੀ ਪ੍ਰਸ਼ਾਸਨ ਲਿਖਤੀ ਭਰੋਸਾ ਨਹੀਂ ਦਿੰਦਾ, ਓਨੀ ਦੇਰ ਮੋਰਚਾ ਜਾਰੀ ਰਹੇਗਾ।