ਗੁਰੂਦਵਾਰਾ ਗੋਦੜੀ ਸਾਹਿਬ ਬਾਬਾ ਫਰੀਦ ਜੀ ਸੋਸਾਇਟੀ ਅਤੇ ਟਿੱਲਾ ਬਾਬਾ ਫਰੀਦ ਜੀ ਵੱਲੋਂ “ਬਾਬਾ ਫਰੀਦ ਜੀ ਆਗਮਨ ਪੁਰਬ 2022” ਮੌਕੇ ‘ਬਾਬਾ ਫਰੀਦ ਅਵਾਰਡ (ਇਮਾਨਦਾਰੀ)’ ਜ਼ਿਲ੍ਹਾ ਮੋਗਾ ਦੇ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੂੰ ਦਿੱਤਾ ਗਿਆ ਹੈ। ਇਹ ਐਵਾਰਡ ਅੱਜ ਉਹਨਾਂ ਨੂੰ ਗੁਰੂਦਵਾਰਾ ਗੋਦੜੀ ਸਾਹਿਬ, ਫਰੀਦਕੋਟ ਵਿਖੇ ਆਯੋਜਿਤ ਕੀਤੇ ਗਏ ਵਿਸ਼ੇਸ਼ ਸਮਾਗਮ ਦੌਰਾਨ ਦਿੱਤਾ ਗਿਆ। ਇਸ ਅਵਾਰਡ ਵਿੱਚ ਇਕ ਦੋਸ਼ਾਲਾ, ਟਰਾਫ਼ੀ, ਪ੍ਰਸ਼ੰਸਾ ਪੱਤਰ ਅਤੇ ਇੱਕ ਲੱਖ ਰੁਪਏ ਰਾਸ਼ੀ ਦਾ ਚੈੱਕ ਸ਼ਾਮਿਲ ਹੈ।
ਇਹ ਅਵਾਰਡ ਪ੍ਰਾਪਤ ਕਰਨ ਤੋਂ ਬਾਅਦ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਇਹ ਰਾਸ਼ੀ ਤੁਰੰਤ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਮੋਗਾ ਨੂੰ ਦੇਣ ਦਾ ਐਲਾਨ ਕੀਤਾ। ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਸ ਭਰੋਸੇ ਅਤੇ ਮਾਣ ਨੂੰ ਮੂਹਰੇ ਰੱਖ ਕੇ ਉਹਨਾਂ ਨੂੰ ਇਹ ਅਵਾਰਡ ਦਿੱਤਾ ਗਿਆ ਹੈ, ਉਹ ਇਸ ਭਰੋਸੇ ਅਤੇ ਮਾਣ ਨੂੰ ਹਮੇਸ਼ਾਂ ਬਰਕਰਾਰ ਰੱਖਣਗੇ। ਇਸ ਮੌਕੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਮਰਿਯਾਦਾ ਅਤੇ ਸਤਿਕਾਰ ਦਾ ਧਿਆਨ ਰੱਖਦਿਆਂ ਬੋਲਣ ਤੋਂ ਮੁਆਫੀ ਮੰਗ ਲਈ ਜਿਸ ਦੀ ਸਮੂਹ ਸੰਗਤ ਵੱਲੋਂ ਬਹੁਤ ਸ਼ਲਾਘਾ ਕੀਤੀ ਗਈ।
ਦੱਸਣਯੋਗ ਹੈ ਕਿ ਸ੍ਰ ਕੁਲਵੰਤ ਸਿੰਘ ਆਪਣੇ ਇਮਾਨਦਾਰ ਅਕਸ, ਨੇਕ ਤੇ ਦਿਆਲੂ ਸੁਭਾਅ ਅਤੇ ਇਕ ਚੰਗੇ ਪ੍ਰਸ਼ਾਸ਼ਕੀ ਅਧਿਕਾਰੀ ਵਜੋਂ ਜਾਣੇ ਜਾਂਦੇ ਹਨ। ਉਹਨਾਂ ਵੱਲੋਂ ਗਰੀਬ ਅਤੇ ਲੋੜਵੰਦ ਲੋਕਾਂ ਦੀ ਸਹਾਇਤਾ ਲਈ ਕੀਤੇ ਜਾਂਦੇ ਕੰਮ ਹਰ ਵਰਗ ਦੇ ਲੋਕਾਂ ਵੱਲੋਂ ਬਹੁਤ ਹੀ ਸਰਾਹੇ ਜਾਂਦੇ ਹਨ। ਜਿੱਥੇ ਅੱਜ ਉਹ ਕਈ ਬੱਚਿਆਂ ਨੂੰ ਮੁਫ਼ਤ ਪੜਾ ਰਹੇ ਹਨ ਉਥੇ ਹੀ ਲੋੜਵੰਦਾਂ ਦੀ ਮਦਦ ਵੀ ਕਰਦੇ ਰਹਿੰਦੇ ਹਨ। ਉਹਨਾਂ ਦੀ ਅਗਵਾਈ ਵਿੱਚ ਜ਼ਿਲ੍ਹਾ ਤਰਨ ਤਾਰਨ ਅਤੇ ਜ਼ਿਲ੍ਹਾ ਮੋਗਾ ਵਿੱਚ ਲਗਾਏ ਅਲਿਮਕੋ ਕੈਂਪਾਂ ਦਾ ਹਜ਼ਾਰਾਂ ਦੀਵਿਆਂਗ ਲੋਕਾਂ ਨੂੰ ਲਾਹਾ ਮਿਲਿਆ ਹੈ। ਇਹ ਵੱਕਾਰੀ ਅਵਾਰਡ ਮਿਲਣ ਉੱਤੇ ਡਿਪਟੀ ਕਮਿਸ਼ਨਰ ਨੂੰ ਚੁਫੇਰਿਓਂ ਵਧਾਈਆਂ ਮਿਲ ਰਹੀਆਂ ਹਨ।