ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਅੱਜ ਰੋਹਤਕ ਦੀ ਸੁਨਾਰੀਆ ਜੇਲ੍ਹ ‘ਚੋਂ ਚਾਲੀ ਦਿਨਾਂ ਦੀ ਪੈਰੋਲ ‘ਤੇ ਬਾਹਰ ਆ ਗਿਆ ਹੈ।ਪੈਰੋਲ ਮਿਲਣ ‘ਤੇ ਪੁਲਿਸ ਦੇ ਸਖ਼ਤ ਪਹਿਰੇ ਹੇਠ ਡੇਰਾ ਮੁਖੀ ਨੂੰ ਯੂ.ਪੀ ਸਥਿਤ ਆਸ਼ਰਮ ਭੇਜਿਆ ਗਿਆ।ਡੇਰਾ ਮੁਖੀ ਨੂੰ ਜੇਲ੍ਹ ‘ਚੋਂ ਲੈਣ ਲਈ ਉਨ੍ਹਾਂ ਦੀ ਗੋਦ ਲਈ ਧੀ ਹਨੀਪ੍ਰੀਤ ਤੇ ਹੋਰ ਨਜ਼ਦੀਕੀ ਰਿਸ਼ਤੇਦਾਰ ਪੁੱਜੇ ਸਨ।ਇਸ ਤੋਂ ਪਹਿਲਾਂ ਵੀ ਡੇਰਾ ਮੁਖੀ ਦੋ ਵਾਰ ਜੇਲ੍ਹ ‘ਚੋਂ ਬਾਹਰ ਆ ਚੁੱਕਿਆ ਹੈ।
ਸੂਤਰਾਂ ਮੁਤਾਬਕ ਡੇਰਾ ਮੁਖੀ ਨੂੰ ਪੁਲਿਸ ਦੇ ਸਖਤ ਪਹਿਰੇ ਹੇਠ ਉਤਰ ਪ੍ਰਦੇਸ਼ ਸਥਿਤ ਬਾਗਪਤ ਦੇ ਡੇਰੇ ਪਹੁੰਚਾ ਦਿੱਤਾ ਗਿਆ, ਜਿੱਥੋਂ ਉਨ੍ਹਾਂ ਆਪਣੇ ਪ੍ਰੇਮੀਆਂ ਨੂੰ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਹੈ।ਇਹ ਵੀਡੀਓ ਡੇਰਾ ਪ੍ਰਬੰਧਕਾਂ ਵਲੋਂ ਵਾਇਰਲ ਕੀਤਾ ਜਾ ਰਿਹਾ ਹੈ।ਸੂਤਰਾਂ ਨੇ ਦੱਸਿਆ ਹੈ ਕਿ ਡੇਰਾ ਮੁਖੀ ਨੇ ਸਿਰਸਾ ਤੇ ਰਾਜਸਥਾਨ ਸਥਿਤ ਡੇਰੇ ‘ਚ ਰਹਿਣ ਲਈ ਆਗਿਆ ਮੰਗੀ ਸੀ, ਜਿਸ ਨੂੰ ਸਰਕਾਰ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮਨਜ਼ੂਰ ਨਹੀਂ ਕੀਤਾ।
ਜ਼ਿਕਰਯੋਗ ਹੈ ਕਿ ਜਬਰ-ਜ਼ਨਾਹ ਤੇ ਦੋ ਕਤਲਾਂ ਦੇ ਦੋਸ਼ ਹੇਠਾਂ ਉਮਰ ਕੈਦ ਭੁਗਤ ਰਿਹਾ ਡੇਰਾ ਮੁਖੀ ਪਹਿਲਾਂ ਫਰਵਰੀ ਮਹੀਨੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਵੀ ਜੇਲ੍ਹ ‘ਚੋਂ ਬਾਹਰ ਆਇਆ ਸੀ ਤੇ ਹੁਣ ਹਰਿਆਣਾ ਦੀ ਆਦਮਪੁਰ ਵਿਧਾਨ ਸਭਾ ਸੀਟ ਦੀ ਜ਼ਿਮਨੀ ਚੋਣ ਤੋਂ ਪਹਿਲਾਂ ਡੇਰਾ ਮੁਖੀ ਪੈਰੋਲ ‘ਤੇ ਬਾਹਰ ਆਇਆ ਹੈ।
ਇਹ ਵੀ ਪੜ੍ਹੋ : ਵਿਜੀਲੈਂਸ ਦੇ ਅਫ਼ਸਰ ਨੂੰ 50 ਲੱਖ ਰੁਪਏ ਰਿਸ਼ਵਤ ਦੇਣ ਦੇ ਮਾਮਲੇ ‘ਚ ਸਾਬਕਾ ਕੈਬਨਿਟ ਮੰਤਰੀ ਗ੍ਰਿਫ਼ਤਾਰ