ਈ.ਟੀ.ਓ ਵੱਲੋਂ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨਾਲ ਵਿਸਤ੍ਰਿਤ ਸਮੀਖਿਆ ਮੀਟਿੰਗ
ਅਧਿਕਾਰੀਆਂ ਦੀ ਛੁੱਟੀ ਦੌਰਾਨ ਕੰਮਕਾਜ ਵਿੱਚ ਨਹੀਂ ਪਵੇਗੀ ਰੁਕਾਵਟ, ਲੋਕ ਨਿਰਮਾਣ ਮੰਤਰੀ ਵੱਲੋਂ ਲਿੰਕ ਅਫ਼ਸਰ ਲਾਉਣ ਦੀ ਪ੍ਰਵਾਨਗੀ
ਚੀਫ਼ ਇੰਜੀਨੀਅਰਾਂ ਨੂੰ ਆਪਣੇ ਪੱਧਰ ‘ਤੇ ਲਗਾਤਾਰ ਕੰਮ ਦੀ ਪ੍ਰਗਤੀ ਅਤੇ ਗੁਣਵੱਤਾ ਦੀ ਸਮੀਖਿਆ ਕਰਦੇ ਰਹਿਣ ਲਈ ਕਿਹਾ
ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਲੋਕ ਨਿਰਮਾਣ ਵਿਭਾਗ ਦੇ ਸਕੱਤਰ ਪ੍ਰਿਯਾਂਕ ਭਾਰਤੀ ਅਤੇ ਵਿਭਾਗ ਦੇ ਮੁੱਖ ਇੰਜੀਨੀਅਰਾਂ ਨਾਲ ਮੀਟਿੰਗ ਕਰਕੇ ਵਿਭਾਗ ਦੇ ਕੰਮਾਂ ਦੀ ਵਿਸਤ੍ਰਿਤ ਸਮੀਖਿਆ ਕੀਤੀ।

ਮੀਟਿੰਗ ਦੌਰਾਨ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੇ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੂੰ ਜਾਣੂ ਕਰਵਾਇਆ ਕਿ ਬਹੁਤੀਆਂ ਪ੍ਰਸ਼ਾਸਕੀ ਪ੍ਰਵਾਨਗੀਆਂ ਪਹਿਲਾਂ ਹੀ ਜਾਰੀ ਕੀਤੀਆਂ ਜਾ ਚੁੱਕੀਆਂ ਹਨ ਅਤੇ ਕੰਮਾਂ ਦੀ ਅਵਾਰਡ ਪ੍ਰਕਿਰਿਆ ਜਾਰੀ ਹੈ। ਲੋਕ ਨਿਰਮਾਣ ਮੰਤਰੀ ਨੇ ਅਧਿਕਾਰੀਆਂ ਨੂੰ ਕੰਮਾਂ ਦੀ ਅਲਾਟਮੈਂਟ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਸਰਦੀਆਂ ਦੇ ਮੌਸਮ ਦੀ ਸ਼ੁਰੂਆਤ ਤੋਂ ਪਹਿਲਾਂ ਲੁੱਕ ਪਾਉਣ ਦੇ ਕੰਮਾਂ ਨੂੰ ਮੁਕੰਮਲ ਕੀਤਾ ਜਾ ਸਕੇ।

ਲੋਕ ਨਿਰਮਾਣ ਮੰਤਰੀ ਨੇ ਵਿਭਾਗ ਦੇ ਪ੍ਰਬੰਧਕੀ ਕੰਮਕਾਜ ਵਿੱਚ ਸੁਧਾਰ ਲਈ ਅਧਿਕਾਰੀਆਂ ਦੀ ਅਣਉਪਲਬਧਤਾ ਦੌਰਾਨ ਲਿੰਕ ਅਫ਼ਸਰ ਰੱਖਣ ਦੇ ਪ੍ਰਸਤਾਵ ‘ਤੇ ਵੀ ਸਹਿਮਤੀ ਪ੍ਰਗਟਾਈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਿਕਾਸ ਨੂੰ ਹੁਲਾਰਾ ਦੇਣ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਹਰਭਜਨ ਸਿੰਘ ਈ.ਟੀ.ਓ ਨੇ ਮੁੱਖ ਇੰਜੀਨੀਅਰਾਂ ਨੂੰ ਆਪਣੇ ਪੱਧਰ ‘ਤੇ ਲਗਾਤਾਰ ਕੰਮਾਂ ਦੀ ਪ੍ਰਗਤੀ ਅਤੇ ਗੁਣਵੱਤਾ ਦੀ ਸਮੀਖਿਆ ਕਰਦੇ ਰਹਿਣ ਦੀ ਸਲਾਹ ਦਿੱਤੀ।

ਮੀਟਿੰਗ ਵਿੱਚ ਮੁੱਖ ਇੰਜਨੀਅਰਾਂ ਵਿੱਚ ਰਵੀ ਚਾਵਲਾ, ਵਿਜੇ ਚੋਪੜਾ, ਗਗਨਦੀਪ ਸਿੰਘ, ਪਰਮ ਜੋਤੀ ਅਰੋੜਾ, ਅਤੇ ਸੁਪਰਡੈਂਟ ਇੰਜਨੀਅਰ ਅਤੇ ਲੋਕ ਨਿਰਮਾਣ ਵਿਭਾਗ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।