ਚੰਡੀਗੜ੍ਹ: ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਖਾਲਸਤਾਨੀਆਂ ਸਮੇਤ ਸਭਨਾਂ ਕੈਦੀਆਂ ਦੀ ਤੁਰੰਤ ਬਿਨਾਂ ਸ਼ਰਤ ਰਿਹਾਈ ਖਾਤਰ 13 ਫਰਵਰੀ ਨੂੰ ਜਿਲ੍ਹਾ ਕੇਦਰਾਂ ‘ਤੇ ਧਰਨੇ ਲਾਉਣ ਦੀਆਂ ਜ਼ੋਰਦਾਰ ਤਿਆਰੀਆਂ ਜਾਰੀ ਹਨ।
ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਪਿੰਡ/ਬਲਾਕ ਪੱਧਰੀਆਂ ਮੀਟਿੰਗਾਂ ਰੈਲੀਆਂ ਰਾਹੀਂ ਔਰਤਾਂ ਸਮੇਤ ਵੱਡੀ ਗਿਣਤੀ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਕਿਸਾਨ ਆਗੂਆਂ ਅਨੁਸਾਰ ਪੰਜਾਬ ਸਮੇਤ ਦੇਸ਼ ਭਰ ਦੀਆਂ ਜੇਲ੍ਹਾਂ ‘ਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਕੈਦੀਆਂ ਨੂੰ ਰਿਹਾਅ ਨਾ ਕਰਕੇ ਕੇਂਦਰੀ ਤੇ ਸੂਬਾ ਸਰਕਾਰਾਂ ਵੱਲੋਂ ਉਹਨਾਂ ਦੇ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਜਾ ਰਿਹਾ ਹੈ।
ਇਨ੍ਹਾਂ ‘ਚ ਕੁੱਝ ਖਾਲਸਿਤਾਨੀ ਕੈਦੀਆਂ ਸਮੇਤ ਬਹੁਤ ਵੱਡੀ ਗਿਣਤੀ ਵਿੱਚ ਦਲਿਤ, ਆਦਿਵਾਸੀ, ਮੁਸਲਮਾਨ ਤੇ ਸਮਾਜ ਦੇ ਹੋਰ ਦੱਬੇ ਕੁਚਲੇ ਲੋਕ ਸ਼ਾਮਲ ਹਨ। ਆਗੂਆਂ ਨੇ ਕਿਹਾ ਕਿ ਜਥੇਬੰਦੀ ਦੀ ਤਹਿਸ਼ੁਦਾ ਸਮਝ ਅਨੁਸਾਰ ਫਿਰਕੂ ਕਤਲਾਂ ਦੇ ਦੋਸ਼ੀ ਖਾਲਿਸਤਾਨੀ ਕੈਦੀਆਂ ਦੇ ਮਨੁੱਖੀ ਅਧਿਕਾਰਾਂ ਲਈ ਅਵਾਜ਼ ਉਠਾਉਣਾ ਵੀ ਸਭਨਾਂ ਜਮਹੂਰੀ ਤਾਕਤਾਂ ਦਾ ਸਾਂਝਾ ਕਾਰਜ ਹੈ। ਸਜ਼ਾਵਾਂ ਪੂਰੀਆਂ ਕਰ ਚੁੱਕੇ ਸਭਨਾਂ ਜਾਤਾਂ, ਧਰਮਾਂ ਤੇ ਇਲਾਕਿਆਂ ਦੇ ਕੈਦੀਆਂ ਦੇ ਮਨੁੱਖੀ ਅਧਿਕਾਰਾਂ ਦੇ ਵਡੇਰੇ ਪ੍ਰਸੰਗ ‘ਚ ਦੇਖਿਆਂ ਸੌੜੇ ਧਾਰਮਿਕ ਅਤੇ ਫਿਰਕੂ ਪੈਂਤੜੇ ਦੀ ਥਾਂ ਇਸ ਮੁੱਦੇ ਨੂੰ ਧਰਮ ਨਿਰਪੱਖ ਅਤੇ ਜਮਹੂਰੀ ਪੈਂਤੜੇ ਤੋਂ ਉਠਾਉਣਾ ਹੀ ਸੰਘਰਸ਼ ਦਾ ਸਿੱਕੇਬੰਦ ਪੈਂਤੜਾ ਹੈ।
ਇਸੇ ਪੈਂਤੜੇ ਅਧੀਨ ਜਥੇਬੰਦੀ ਵੱਲੋਂ ਸ਼ੁਰੂਆਤੀ ਕਦਮ ਵਜੋਂ 13 ਫਰਵਰੀ ਦਾ ਐਕਸ਼ਨ ਕੀਤਾ ਜਾ ਰਿਹਾ ਹੈ।ਨਾਲ ਹੀ ਸੂਬੇ ਦੀਆਂ ਸਭਨਾਂ ਜਮਹੂਰੀ ਸ਼ਕਤੀਆਂ ਅਤੇ ਲੋਕਾਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ ਕਿ ਉਹ ਜਾਬਰ ਤਾਨਾਸ਼ਾਹ ਭਾਰਤੀ ਰਾਜ ਦੁਆਰਾ ਧਾਰਮਿਕ ਘੱਟ ਗਿਣਤੀਆਂ, ਦਬਾਈਆਂ ਕੌਮਾਂ, ਆਦਿਵਾਸੀਆਂ ਅਤੇ ਦਲਿਤ ਜਾਤੀਆਂ ਸਮੇਤ ਸਭਨਾਂ ਮਿਹਨਤਕਸ਼ ਲੋਕਾਂ ਦੇ ਮਨੁੱਖੀ ਅਤੇ ਜਮਹੂਰੀ ਅਧਿਕਾਰਾਂ ਦੇ ਘਾਣ ਖਿਲਾਫ਼ ਸਾਂਝੀ ਲੋਕ ਲਹਿਰ ਉਸਾਰਨ ਦੇ ਰਾਹ ਪੈਣ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h