ਆਪਣੇ ਸ਼ਹੀਦਾਂ ਨੂੰ ਭੁੱਲਣ ਵਾਲੀਆਂ ਕੌਮਾਂ ਰੁੜ ਜਾਂਦੀਆਂ ਹਨ, ਇਸ ਲਈ ਆਉਣ ਵਾਲੀਆਂ ਪੀੜ੍ਹੀਆਂ ਨੂੰ ਸ਼ਹੀਦਾਂ ਸਬੰਧੀ ਦੱਸਨਾ ਜਰੂਰੀ ਹੈ। ਇਹਨਾ ਸ਼ਬਦਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਮੰਗਲਵਾਰ ਨੂੰ ਗੁਰਦੁਆਰਾ ਸਾਰਾਗੜ੍ਹੀ ਵਿਖੇ ਸਾਰਾਗੜ੍ਹੀ ਦੇ ਸ਼ਹੀਦਾਂ ਦੇ 126 ਵੀ ਸ਼ਹੀਦੀ ਦਿਹਾੜੇ ਮੌਕੇ ਸੰਬੋਧਨ ਕਰਦਿਆਂ ਕੀਤਾ।
ਮੁੱਖ ਮੰਤਰੀ ਭਗਵੰਤ ਮਾਨ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਉਨ੍ਹਾਂ ਦੇ ਸ਼ਹੀਦੀ ਦਿਹਾੜੇ ’ਤੇ ਸ਼ਰਧਾਂਜਲੀ ਦੇਣ ਲਈ ਫਿਰੋਜ਼ਪੁਰ ਛਾਉਣੀ ਸਥਿਤ ਸਾਰਾਗੜ੍ਹੀ ਗੁਰਦੁਆਰਾ ਸਾਹਿਬ ਪਹੁੰਚੇ ਸਨ। ਪੰਜਾਬ ਦੀ ਧਰਤੀ ਤੋਂ ਹੋਏ ਪੈਦਾ ਹੋਏ ਯੋਧਿਆਂ ਦਾ ਜਿਕਰ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਪੰਜਾਬ ਦੀ ਧਰਤੀ ਬੜੀ ਬਰਕਤ ਵਾਲੀ ਹੈ ਇਹ ਕਦੇ ਕਿਸੇ ਨੂੰ ਭੁੱਖਾ ਨਹੀਂ ਸੌਣ ਦਿੰਦੀ।
ਸੀਰੀਆ ‘ਚ ਲੜਾਈ ਹੋਵੇ, ਤੁਰਕੀ ਚ ਭੂਚਾਲ ਹੋਵੇ ਜਾਂ ਕਿਤੇ ਵੀ ਕੁਦਰਤੀ ਆਫਤ ਹੋਵੇ, ਰੇਡ ਕ੍ਰਾਸ ਮਗਰੋਂ ਪਹੁੰਚਦਾ ਹੈ ਪਰ ਗੁਰੂ ਦਾ ਲੰਗਰ ਪਹਿਲੋਂ ਪਹੁੰਚ ਜਾਂਦਾ ਹੈ। ਇਸ ਤੋਂ ਪਹਿਲਾਂ ਉਨ੍ਹਾਂ 21 ਯੋਧਿਆਂ ਦੀ ਯਾਦ ਵਿੱਚ 36 ਸਿੱਖ ਰੈਜੀਮੈਂਟ ਵੱਲੋਂ ਬਣਾਈ ਜਾਣ ਵਾਲੀ ਜੰਗੀ ਯਾਦਗਾਰ ਦਾ ਨੀਂਹ ਪੱਥਰ ਰੱਖਿਆ । ਇਸ ਮੌਕੇ ਕਰਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਮਗਰੋਂ ਉਂਨਾ ਦੱਸਿਆ ਕਿ ਇਤਿਹਾਸਕ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਫਿਰੋਜ਼ਪੁਰ ਛਾਉਣੀ ਵਿਖੇ ਸਾਰਾਗੜ੍ਹੀ ਜੰਗ 1897 ਦੇ ਸਿੱਖ ਸੂਰਬੀਰ ਸ਼ਹੀਦਾਂ ਦੀ ਯਾਦ ਵਿੱਚ ਵਿਲੱਖਣ ਕਿਸਮ ਦਾ ਸਾਰਾ ਗੜ੍ਹੀ ਵਾਰ ਮੈਮੋਰੀਅਲ ਬਣਾਇਆ ਜਾਵੇਗਾ । ਇਸ ਲਈ ਫੰਡਾਂ ਦੀ ਕਮੀ ਨਹੀਂ ਆਏਗੀ। ਇਸ ਮੌਕੇ ਫਿਰੋਜ਼ਪੁਰ ਸ਼ਹਿਰੀ ਵਿਧਾਇਕ ਰਣਬੀਰ ਸਿੰਘ ਭੁੱਲਰ, ਦਿਹਾਤੀ ਵਿਧਾਇਕ ਰਜ਼ਨੀਸ਼ ਦਹੀਆ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।