ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਸੋਮਵਾਰ ਨੂੰ ਵਾਸ਼ਿੰਗਟਨ ਡੀਸੀ ਦੇ ਕੈਪੀਟਲ ਹਿਲਜ਼ ਵਿਖੇ ਸਾਬਕਾ ਰਾਸ਼ਟਰਪਤੀਆਂ, ਮੁੱਖ ਅਮਰੀਕੀ ਅਧਿਕਾਰੀਆਂ ਅਤੇ ਪਰਿਵਾਰਕ ਮੈਂਬਰਾਂ ਦੇ ਸਾਹਮਣੇ ਅਹੁਦੇ ਦੀ ਸਹੁੰ ਚੁੱਕਣ ਲਈ ਤਿਆਰ ਹਨ।
ਦੱਸ ਦੇਈਏ ਕਿ ਟਰੰਪ ਦੁਪਹਿਰ 12 ਵਜੇ ਤੋਂ ਬਾਅਦ 47ਵੇਂ ਅਮਰੀਕੀ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ, ਜਿਸ ਨਾਲ ਓਵਲ ਦਫ਼ਤਰ ਵਿੱਚ ਆਪਣੇ ਦੂਜੇ ਕਾਰਜਕਾਲ ਦੀ ਸ਼ੁਰੂਆਤ ਹੋਵੇਗੀ।
ਡੋਨਾਲਡ ਟਰੰਪ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਣ ਜਾ ਰਹੇ ਹਨ। ਸੋਮਵਾਰ, 20 ਜਨਵਰੀ ਨੂੰ, ਡੋਨਾਲਡ ਟਰੰਪ ਅਮਰੀਕੀ ਰਾਸ਼ਟਰਪਤੀ ਅਤੇ ਜੇਡੀ ਵੈਂਸ ਉਨ੍ਹਾਂ ਦੇ ਉਪ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ। ਡੋਨਾਲਡ ਟਰੰਪ ਐਤਵਾਰ ਨੂੰ ਸਹੁੰ ਚੁੱਕ ਸਮਾਗਮ ਲਈ ਵਾਸ਼ਿੰਗਟਨ ਪਹੁੰਚ ਚੁੱਕੇ।
ਇਸ ਤੋਂ ਬਾਅਦ, ਸੋਮਵਾਰ ਦੇ ਸਮਾਰੋਹ ਦੀਆਂ ਤਿਆਰੀਆਂ ਅਤੇ ਜਸ਼ਨ ਸ਼ੁਰੂ ਹੋ ਗਏ ਹਨ। ਉਦਘਾਟਨੀ ਸਮਾਰੋਹ ਵਿੱਚ ਕੁੱਲ 18 ਪ੍ਰੋਗਰਾਮ ਆਯੋਜਿਤ ਕੀਤੇ ਜਾਣੇ ਹਨ। ਇਨ੍ਹਾਂ ਵਿੱਚੋਂ, ਤਿੰਨ ਅਧਿਕਾਰਤ ਪ੍ਰੋਗਰਾਮ ਹਨ ਜਿਨ੍ਹਾਂ ਵਿੱਚ ਡੋਨਾਲਡ ਟਰੰਪ ਦੇ ਹਿੱਸਾ ਲੈਣ ਦੀ ਉਮੀਦ ਹੈ। ਭਾਰਤੀ ਕਾਰੋਬਾਰੀ ਮੁਕੇਸ਼ ਅੰਬਾਨੀ ਵੀ ਟਰੰਪ ਦੇ ਮਹਿਮਾਨਾਂ ਵਿੱਚ ਸ਼ਾਮਲ ਹੋ ਰਹੇ ਹਨ।
ਟਰੰਪ ਦੇ ਸਹੁੰ ਚੁੱਕ ਸਮਾਗਮ ਦੀ ਸ਼ੁਰੂਆਤ ਐਤਵਾਰ ਨੂੰ ਵਰਜੀਨੀਆ ਸਥਿਤ ਉਨ੍ਹਾਂ ਦੇ ਗੋਲਫ ਕਲੱਬ ਵਿੱਚ ਜਸ਼ਨਾਂ ਨਾਲ ਹੋਈ। ਇਸ ਤੋਂ ਬਾਅਦ ਟਰੰਪ ਨੇ ਵਾਸ਼ਿੰਗਟਨ ਡੀਸੀ ਵਿੱਚ ਇੱਕ ਰੈਲੀ ਵੀ ਕੀਤੀ। ਡੋਨਾਲਡ ਟਰੰਪ ਸੋਮਵਾਰ ਦੁਪਹਿਰ 12 ਵਜੇ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ। ਭਾਰਤੀ ਸਮੇਂ ਅਨੁਸਾਰ, ਡੋਨਾਲਡ ਟਰੰਪ ਦਾ ਸਹੁੰ ਚੁੱਕ ਸਮਾਗਮ ਸੋਮਵਾਰ ਰਾਤ 10:30 ਵਜੇ ਹੋਵੇਗਾ। ਇਹ ਸਮਾਰੋਹ ਅਮਰੀਕੀ ਕੈਪੀਟਲ ਦੇ ਸਾਹਮਣੇ ਹੋਣਾ ਸੀ ਪਰ ਠੰਡ ਕਾਰਨ ਇਹ ਇੱਕ ਵੱਡੇ ਹਾਲ ਵਿੱਚ ਆਯੋਜਿਤ ਕੀਤਾ ਜਾਵੇਗਾ।