Prisoners in Punjab Jails: ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਪਟਿਆਲਾ ਦੀ ਕੇਂਦਰੀ ਜੇਲ੍ਹ ਵਿਖੇ ਰਾਜ ਸਮਾਗਮ ਦੌਰਾਨ ਸੂਬੇ ਦੀਆਂ 25 ਜੇਲਾਂ ਅੰਦਰ ਬੰਦੀਆਂ ਦੀ ਜਾਂਚ ਲਈ ਮਹੀਨਾ ਭਰ ਚੱਲਣ ਵਾਲੀ ਸੂਬਾ ਪੱਧਰੀ ਸਕਰੀਨਿੰਗ ਮੁਹਿੰਮ ਦਾ ਆਗਾਜ਼ ਕਰਵਾਇਆ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ 3 ਕਰੋੜ ਲੋਕਾਂ ਨੂੰ ਸਿਹਤਮੰਦ ਬਣਾਉਣ ਲਈ ਵਚਨਬੱਧਤਾ ਪੂਰੀ ਸ਼ਿਦਤ ਨਾਲ ਨਿਭਾਅ ਰਹੀ ਹੈ।
ਜੇਲ੍ਹ ਟ੍ਰੇਨਿੰਗ ਸਕੂਲ ਵਿਖੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ਾਂ ਤਹਿਤ ਸੂਬੇ ਦੀਆਂ ਸਾਰੀਆਂ ਜੇਲ੍ਹਾਂ ਅੰਦਰ ਬੰਦ 30494 ਕੈਦੀਆਂ ਤੇ ਹਵਾਲਾਤੀਆਂ ਦੀ ਸਿਹਤ ਜਾਂਚ ਕਰਵਾਕੇ ਇੰਟੈਗਰੇਟਿਡ ਯੌਨ ਰੋਗ, ਐਚ.ਆਈ.ਵੀ, ਟੀ.ਬੀ ਅਤੇ ਵਾਇਰਲ ਹੈਪੇਟਾਈਟਸ ਮਰੀਜਾਂ ਦੀ ਸ਼ਨਾਖ਼ਤ ਕਰਨ ਲਈ ਇਹ ਮੁਹਿੰਮ ਅਰੰਭੀ ਗਈ ਹੈ। ਸਿਹਤ ਮੰਤਰੀ ਦੇ ਨਾਲ ਏ.ਡੀ.ਜੀ.ਪੀ. ਜੇਲਾਂ ਅਰੁਣਪਾਲ ਸਿੰਘ ਤੇ ਸਿਹਤ ਵਿਭਾਗ ਦੇ ਵਿਸ਼ੇਸ਼ ਸਕੱਤਰ ਡਾ. ਆਡੱਪਾ ਕਾਰਥਿਕ ਵੀ ਮੌਜੂਦ ਰਹੇ।
ਸਿਹਤ ਮੰਤਰੀ ਨੇ ਐਲਾਨ ਕੀਤਾ ਕਿ ਜੇਲ੍ਹਾਂ ਦੇ ਬੰਦੀਆਂ ਦੀ ਮਾਨਸਿਕ ਸਿਹਤ ਵਿੱਚ ਸੁਧਾਰ ਲਿਆਉਣ ਲਈ ਮਨੋਰੋਗਾਂ ਦੇ ਮਾਹਰਾਂ ਤੇ ਕੌਂਸਲਰਾਂ ਦੀਆਂ ਸੇਵਾਵਾਂ ਲੈਣ ਸਮੇਤ ਬੰਦੀਆਂ ਦੀ ਲਗਾਤਾਰ ਸਿਹਤ ਜਾਂਚ ਲਈ ਆਈ.ਐਮ.ਏ. ਅਤੇ ਪ੍ਰਾਈਵੇਟ ਡਾਕਟਰਾਂ ਦਾ ਵੀ ਸਹਿਯੋਗ ਲਿਆ ਜਾਵੇਗਾ। ਇਸ ਤੋਂ ਬਿਨ੍ਹਾਂ ਮਾਹਰ ਡਾਕਟਰਾਂ ਦੀਆਂ ਸੇਵਾਵਾਂ ਟੈਲੀਮੈਡੀਸਿਨ ਜਰੀਏ ਪ੍ਰਦਾਨ ਕੀਤੀਆਂ ਜਾਣਗੀਆਂ ਅਤੇ ਜੇਲ੍ਹਾਂ ਵਿੱਚ ਮੈਡੀਕਲ ਕੈਂਪ ਵੀ ਲਗਾਏ ਜਾਣਗੇ।
ਕੇਂਦਰੀ ਜੇਲ ਵਿਖੇ ਬੰਦੀਆਂ ਨੂੰ ਸੰਬੋਧਨ ਕਰਦਿਆਂ ਡਾ. ਬਲਬੀਰ ਸਿੰਘ ਨੇ ਕੈਦੀਆਂ ਤੇ ਹਵਾਲਾਤੀਆਂ ਨੂੰ ਜੇਲ੍ਹਾਂ ਅੰਦਰ ਬੰਦ ਰਹਿਣ ਦੇ ਸਮੇਂ ਦੀ ਸਦਵਰਤੋਂ ਸਵੈ-ਸੁਧਾਰ ਅਤੇ ਹੁਨਰ ਵਿਕਾਸ ਵੱਲ ਲਗਾਉਣ ਦੀ ਪ੍ਰੇਰਣਾ ਕਰਦਿਆਂ ਸੱਦਾ ਦਿੱਤਾ ਕਿ ਉਹ ਰਿਹਾਅ ਹੋਣ ਮਗਰੋਂ ਸਮਾਜ ਅੰਦਰ ਇੱਕ ਰੋਲ ਮਾਡਲ ਬਣਕੇ ਵਿਚਰਨ ਤਾਂ ਕਿ ਉਨ੍ਹਾਂ ਦੇ ਪੁਰਾਣੇ ਜੀਵਨ ਦੀ ਝਲਕ ਨਵੇਂ ਜੀਵਨ ‘ਤੇ ਨਾ ਪਵੇ।
ਸਿਹਤ ਮੰਤਰੀ ਨੇ ਜੇਲ੍ਹਾਂ ਦੇ ਬੰਦੀਆਂ ਨੂੰ ਸੱਦਾ ਦਿੱਤਾ ਕਿ ਉਹ ਅਦਾਲਤ ਵੱਲੋਂ ਸੁਣਾਈ ਜੇਲ੍ਹ ਦੀ ਸਜਾ ਦੇ ਨਾਲ-ਨਾਲ ਆਪਣੇ ਆਪ ਸਹੇੜੀ ਬਿਮਾਰੀਆਂ ਵਾਲੀ ਸਜਾ ਭੁਗਤਣ ਤੋਂ ਬਚਣ ਲਈ ਇਸ ਸਕਰੀਨਿੰਗ ਮੁਹਿੰਮ ਦਾ ਲਾਭ ਉਠਾਉਣ, ਕਿਉਂਕਿ ਅਜਿਹੀਆਂ ਬਿਮਾਰੀਆਂ ਸਜਾ-ਏ-ਮੌਤ ਤੋਂ ਘੱਟ ਨਹੀਂ ਹੁੰਦੀਆਂ ਅਤੇ ਇਸ ਦਾ ਖਾਮਿਆਜ਼ਾ ਕੈਦੀ ਦੇ ਨਾਲ-ਨਾਲ ਉਸਦਾ ਪਰਿਵਾਰ ਵੀ ਭੁਗਤਦਾ ਹੈ।
ਡਾ. ਬਲਬੀਰ ਸਿੰਘ ਨੇ ਦੱਸਿਆਂ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਿਹਤ ਵਿਭਾਗ ਅਧੀਨ ਪੰਜਾਬ ਸਟੇਟ ਏਡਜ ਕੰਟਰੋਲ ਸੁਸਾਇਟੀ ਵੱਲੋਂ ਇੰਟੈਗਰੇਟਿਡ ਯੌਨ ਰੋਗ, ਐਚ.ਆਈ.ਵੀ, ਟੀ.ਬੀ ਅਤੇ ਵਾਇਰਲ ਹੈਪੇਟਾਈਟਸ ਦੇ ਮਰੀਜਾਂ ਦੀ ਸ਼ਨਾਖ਼ਤ ਕਰਨ ਲਈ ਜੇਲਾਂ ਦੇ ਬੰਦੀਆਂ ਦੀ ਅਜਿਹੇ ਰੋਗਾਂ ਦੀ ਜਾਂਚ ਲਈ ਸਕਰੀਨਿੰਗ ਮੁਹਿੰਮ 14 ਜੁਲਾਈ 2023 ਤੱਕ ਤਾਂ ਵਿਧੀਵਤ ਢੰਗ ਨਾਲ ਚੱਲੇਗੀ ਹੀ ਬਲਕਿ ਇਸ ਤੋਂ ਬਾਅਦ ਵੀ ਇਸ ਨੂੰ ਲਗਾਤਾਰ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਇਨ੍ਹਾਂ ਬੀਮਾਰੀਆਂ ਸਬੰਧੀ ਕਾਉਂਸਲਿੰਗ ਤੇ ਸਕਰੀਨਿੰਗ ਦਾ ਮੁੱਖ ਉਦੇਸ਼ ਅਜਿਹੇ ਮਰੀਜ਼ਾਂ ਦੀ ਭਾਲ ਤੇ ਸਮੇਂ ਸਿਰ ਇਲਾਜ ਕਰਵਾ ਕੇ ਬੀਮਾਰੀ ਦੇ ਫੈਲਾਅ ਨੂੰ ਰੋਕਣਾ ਹੈ।
ਏ.ਡੀ.ਜੀ.ਪੀ. ਜੇਲ੍ਹਾਂ ਅਰੁਣਪਾਲ ਸਿੰਘ ਨੇ ਦੱਸਿਆ ਕਿ ਸੂਬੇ ਅੰਦਰ 25 ਜੇਲ੍ਹਾਂ ਵਿੱਚ 29000 ਮਰਦ, 1493 ਮਹਿਲਾ ਬੰਦ ਹਨ ਜਦਕਿ 6 ਸਾਲ ਤੱਕ ਦੀ ਉਮਰ ਦੇ 35 ਬੱਚੇ ਵੀ ਆਪਣੀਆਂ ਮਾਵਾਂ ਨਾਲ ਰਹਿ ਰਹੇ ਹਨ, ਜਿਨ੍ਹਾਂ ਦੀ ਸਿਹਤ ਦੇ ਮੌਲਿਕ ਅਧਿਕਾਰ ਨੂੰ ਬਰਕਰਾਰ ਰੱਖਣ ਲਈ ਸਿਹਤ ਵਿਭਾਗ ਜੇਲ ਵਿਭਾਗ ਦਾ ਪੂਰਾ ਸਾਥ ਦੇ ਰਿਹਾ ਹੈ। ਸਿਹਤ ਵਿਭਾਗ ਦੇ ਵਿਸ਼ੇਸ਼ ਸਕੱਤਰ ਡਾ. ਅਡੱਪਾ ਕਾਰਥਿਕ ਨੇ ਕਿਹਾ ਕਿ ਕੈਦੀ ਤੇ ਬੰਦ ਥਾਵਾਂ ‘ਤੇ ਰਹਿਣ ਵਾਲੇ ਨਾਗਰਿਕਾਂ ਨੂੰ ਬਿਮਾਰੀਆਂ ਦਾ ਖ਼ਤਰਾ ਵਧੇਰੇ ਹੁੰਦਾ ਹੈ, ਜਿਸ ਲਈ ਇਹ ਮੁਹਿੰਮ ਸ਼ੁਰੂ ਕੀਤੀ ਗਈ ਤਾਂ ਕਿ ਬੰਦੀ ਜੇਲ੍ਹਾਂ ਤੋਂ ਤੰਦਰੁਸਤ ਹੋਕੇ ਹੀ ਬਾਹਰ ਜਾਣ ਤੇ ਇੱਕ ਨਿਰੋਏ ਸਮਾਜ ਦਾ ਹਿੱਸਾ ਬਣਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h