Punjab Jails: ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਜ਼ਮਾਨਤ ਨਾ ਮਿਲਣ ‘ਤੇ ਨਸ਼ਾ ਤਸਕਰ ਵਕੀਲ ‘ਤੇ ਇਸ ਕਦਰ ਭੜਕ ਉੱਠਿਆ ਕਿ ਉਸ ਨੇ ਵਕੀਲ ਨੂੰ ਹੀ ਜਾਨੋਂ ਮਾਰਨ ਦੀ ਧਮਕੀ ਦੇ ਦਿੱਤੀ। ਜੇਲ੍ਹ ‘ਚ ਬੰਦ ਨਸ਼ਾ ਤਸਕਰ ਅਤੇ ਉਸ ਦੇ ਭਰਾ ਨੇ ਵਕੀਲ ਨੂੰ ਕਿਹਾ ਕਿ ਸਾਡਾ ਗੈਂਗਸਟਰਾਂ ਨਾਲ ਸੰਪਰਕ ਹਨ ਤੇ ਉਸਨੂੰ ਮਾਰ ਦਿੱਤਾ ਜਾਵੇਗਾ।
ਦੱਸ ਦਈਏ ਕਿ ਸ਼ਿਕਾਇਤਕਰਤਾ ਸਾਹਿਲ ਗੋਇਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਕ੍ਰਿਮੀਨਲ ਵਕੀਲ ਹੈ। ਉਹ ਅੰਬਾਲਾ ਛਾਉਣੀ ਦਾ ਰਹਿਣ ਵਾਲਾ ਹੈ। ਇਸ ਸਬੰਧੀ ਹਾਈਕੋਰਟ ਦੇ ਵਕੀਲ ਨੇ ਅੰਬਾਲਾ ਦੇ ਮਹੇਸ਼ ਨਗਰ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਹੈ।
ਐਡਵੋਕੇਟ ਸਾਹਿਲ ਗੋਇਲ ਨੇ ਦੱਸਿਆ ਕਿ 1 ਅਪ੍ਰੈਲ 2021 ਵਿੱਚ ਫਰੀਦਕੋਟ (ਪੰਜਾਬ) ਪੁਲਿਸ ਨੇ ਅਰਵਿੰਦਰ ਸਿੰਘ ਨੂੰ 250 ਗ੍ਰਾਮ ਟਰਾਮਾਡੋਲ ਕੈਪਸੂਲ ਸਮੇਤ ਗ੍ਰਿਫਤਾਰ ਕੀਤਾ ਸੀ। 27 ਅਪ੍ਰੈਲ 2021 ਨੂੰ ਫਰੀਦਕੋਟ ਪੁਲਿਸ ਸਟੇਸ਼ਨ ਵਿਖੇ NDPS ਐਕਟ ਦੇ ਤਹਿਤ ਦੋਸ਼ੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਇਹ ਮਾਮਲਾ ਉਸ ਕੋਲ ਆਇਆ। ਉਸ ਨੇ ਸਾਲ 2021 ਵਿੱਚ ਜ਼ਮਾਨਤ ਲਈ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ। ਪਰ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਉਸ ਨੇ ਹਾਈਕੋਰਟ ‘ਚ ਅਰਵਿੰਦਰ ਨੂੰ ਫਿਰ ਤੋੰ ਜ਼ਮਾਨਤ ਦੀ ਅਰਜ਼ੀ ਦਿੱਤੀ ਪਰ ਜੱਜ ਨੇ ਉਹ ਵੀ ਨਹੀਂ ਮੰਨੀ।
ਜੇਲ੍ਹ ‘ਚ ਬੰਦ ਦੋਸ਼ੀ ਨੇ ਕੀਤਾ ਫੋਨ
ਐਡਵੋਕੇਟ ਸਾਹਿਲ ਗੋਇਲ ਨੇ ਦੱਸਿਆ ਕਿ ਫਰੀਦਕੋਟ ਜੇਲ੍ਹ ‘ਚ ਬੰਦ ਦੋਸ਼ੀ ਅਰਵਿੰਦਰ ਨੇ ਉਸ ਨੂੰ ਫੋਨ ਕਰਕੇ ਕਿਹਾ ਕਿ ਤੂੰ ਜ਼ਮਾਨਤ ਨਹੀਂ ਕਰਵਾ ਸਕਿਆ। ਮੈਂ ਨਸ਼ੇ ਦਾ ਕਾਰੋਬਾਰ ਕਰਦਾ ਹਾਂ। ਮੇਰਾ ਭਰਾ ਤੈਨੂੰ ਦੇਖ ਲਵੇਗਾ।
ਵਕੀਲ ਨੇ ਕਿਹਾ ਅਰਵਿੰਦਰ ਪਿਛਲੇ 7-8 ਦਿਨਾਂ ਤੋਂ ਫੋਨ ਕਰਕੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ। ਇਸ ਤੋਂ ਬਾਅਦ ਅਰਵਿੰਦਰ ਦੇ ਭਰਾ ਦਾ ਵੀ ਫੋਨ ਆਇਆ ਤੇ ਉਸ ਨੇ ਕਿਹਾ ਕਿ ਮੇਰਾ ਸਬੰਧ ਵੱਡੇ ਗੈਂਗਸਟਰ ਨਾਲ ਹੈ, ਮੈਂ ਤੈਨੂੰ ਦੇਖ ਲਵਾਂਗਾ।
ਪੁਲਿਸ ਨੂੰ 3 ਮੋਬਾਈਲ ਨੰਬਰ ਸੌਂਪੇ
ਐਡਵੋਕੇਟ ਸਾਹਿਲ ਗੋਇਲ ਨੇ ਅੰਬਾਲਾ ਪੁਲਿਸ ਨੂੰ ਸ਼ਿਕਾਇਤ ਦੇ ਨਾਲ 3 ਮੋਬਾਈਲ ਨੰਬਰ ਵੀ ਦਰਜ ਕਰਵਾਏ। ਉਨ੍ਹਾਂ ਨੂੰ ਇਨ੍ਹਾਂ ਨੰਬਰਾਂ ਤੋਂ ਧਮਕੀ ਭਰੇ ਫੋਨ ਆ ਰਹੇ ਹਨ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਧਾਰਾ 504 ਅਤੇ 506 ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।