ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ‘ਚ ਜਿੱਤ ਹਾਸਲ ਕਰਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦੇ ਹੌਸਲੇ ਬੁਲੰਦ ਹਨ। ਅਕਾਲੀ ਦਲ ਦੇ ਉਮੀਦਵਾਰਾਂ ਨੇ 46 ‘ਚੋਂ 27 ਸੀਟਾਂ ‘ਤੇ ਜਿੱਤ ਹਾਸਲ ਕੀਤੀ ਹੈ। ਹੁਣ ਅਕਾਲੀ ਦਲ ਇਨ੍ਹਾਂ ਨਤੀਜਿਆਂ ਤੋਂ ਬਾਅਦ ਉਮੀਦ ਕਰ ਰਿਹਾ ਹੈ ਕਿ ਇਸ ਦਾ ਫਾਇਦਾ ਉਨ੍ਹਾਂ ਨੂੰ ਅਗਲੇ ਸਾਲ ਦੀ ਸ਼ੁਰੂਆਤ ‘ਚ ਹੋਣ ਵਾਲੀਆਂ ਪੰਜਾਬ ਚੋਣਾਂ ‘ਚ ਵੀ ਮਿਲੇਗਾ।
ਹਾਲਾਂਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵਾਰਡ-9 ਪੰਜਾਬੀ ਬਾਗ਼ ਤੋਂ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਉਮੀਦਵਾਰ ਹਰਵਿੰਦਰ ਸਿੰਘ ਸਰਨਾ ਤੋਂ ਹਾਰ ਗਏ ਪਰ ਉਨ੍ਹਾਂ ਦੀ ਅਗਵਾਈ ਹੇਠ ‘ਦੋ ਸਾਲਾਂ’ ਦੇ ਕੰਮ ਦੇ ਆਧਾਰ ’ਤੇ ਦਲ ਨੇ ਪੂਰਨ ਬਹੁਮੱਤ ਪ੍ਰਾਪਤ ਕੀਤਾ। ਸ੍ਰੀ ਸਿਰਸਾ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਮਜ਼ਦ ਮੈਂਬਰ ਵੱਜੋਂ ਜਨਰਲ ਹਾਊਸ ਵਿੱਚ ਸ਼ਾਮਲ ਕਰਨ ਦਾ ਐਲਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੇ ਜਾਣ ਨਾਲ ਹੀ ਉਨ੍ਹਾਂ ਦੇ ਮੁੜ ਦਿੱਲੀ ਕਮੇਟੀ ਦਾ ਪ੍ਰਧਾਨ ਬਣਾਉਣ ਲਈ ਰਾਹ ਸਾਫ਼ ਹੋ ਗਿਆ ਹੈ।
ਵਿਰੋਧੀ ਧਿਰ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਨੂੰ ਲਗਾਤਾਰ ਤੀਜੀ ਵਾਰ ਹਾਰ ਦਾ ਮੂੰਹ ਦੇਣਾ ਪਿਆ ਤੇ ਇਸ ਵਾਰ ਸਰਨਾ ਧੜੇ ਨੂੰ 14 ਹਲਕਿਆਂ ਵਿੱਚ ਜਿੱਤ ਮਿਲੀ। ਸ਼੍ਰੋਮਣੀ ਅਕਾਲੀ ਦਲ (ਸ) ਤੇ ਮਨਜੀਤ ਸਿੰਘ ਜੀ.ਕੇ. ਦੀ ਜਾਗੋ ਪਾਰਟੀ ਦੇ ਸਾਂਝੇ ਉਮੀਦਵਾਰ ਪਰਮਜੀਤ ਸਿੰਘ ਰਾਣਾ, ਜਾਗੋ ਆਪਣੇ 2 ਹਲਕਿਆਂ ’ਤੇ ਹੀ ਜਿੱਤ ਸਕੀ। ਜੰਗਪੁਰਾ ਤੋਂ ਸਾਬਕਾ ਕਾਂਗਰਸੀ ਵਿਧਾਇਕ ਤਰਵਿੰਦਰ ਸਿੰਘ ਮਰਵਾਹ ਇਸ ਵਾਰ ਫਿਰ ਆਜ਼ਾਦ ਉਮੀਦਵਾਰ ਵਜੋਂ ਜਿੱਤੇ ਹਾਲਾਂਕਿ ਉਨ੍ਹਾਂ ਨੂੰ ਸਰਨਾ ਭਰਾਵਾਂ ਤੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦਾ ਸਮਰਥਨ ਵੀ ਹਾਸਲ ਸੀ।
ਇਨ੍ਹਾਂ ਨਤੀਜਿਆਂ ਤੋਂ ਬਾਅਦ ਅਕਾਲੀ ਦਲ ਦੇ ਲੀਡਰ ਅਗਲੇ ਸਾਲ ਹੋਣ ਵਾਲੀਆਂ ਪੰਜਾਬੀ ਵਿਧਾਨ ਸਭਾ ਚੋਣਾਂ ਲਈ ਵੀ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਦਿੱਲੀ ਤੋਂ ਸ਼ੁਰੂ ਹੋਇਆ ਇਹ ਤੂਫਾਨ ਪੰਜਾਬ ਦੀਆਂ ਚੋਣਾਂ ‘ਚ ਵਿਰੋਧੀ ਪਾਰਟੀਆਂ ਨੂੰ ਹੂੰਝ ਕੇ ਲੈ ਜਾਵੇਗਾ। ਫਿਰ ਭਾਵੇਂ ਉਹ ਬੀਜੇਪੀ, ਕਾਂਗਰਸ ਜਾਂ ਆਮ ਆਦਮੀ ਪਾਰਟੀ ਸਮੇਤ ਕੋਈ ਵੀ ਸਿਆਸੀ ਪਾਰਟੀ ਹੋਵੇ।
ਕਾਂਗਰਸ ‘ਚ ਚੱਲ ਰਹੇ ਅੰਦਰੂਨੀ ਕਲੇਸ਼ ਤੇ ਸੁਖਬੀਰ ਬਦਾਲ ਨੇ ਕਿਹਾ ਕਾਂਗਰਸ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਖਤਮ ਹੋ ਜਾਵੇਗੀ। ਕਿਉਂਕਿ ਕੈਪਟਨ ਦੇ ਮੰਤਰੀ ਇਹ ਖੁਦ ਮੰਨ ਰਹੇ ਹਨ ਕਿ ਅਮਰਿੰਦਰ ਸਿੰਘ ਨੇ ਲੋਕਾਂ ਲਈ ਕੁਝ ਨਹੀਂ ਕੀਤਾ ਤੇ ਜਨਤਾ ਨਾਲ ਜੋ ਵਾਅਦੇ ਕਰਕੇ ਸੱਤਾ ‘ਚ ਆਏ ਸਨ ਉਹ ਵਾਅਦੇ ਵੀ ਪੂਰੇ ਨਹੀਂ ਕੀਤੇ।