ਇਲਾਜ ਲਈ ਕੈਪਟਨ ਸਰਕਾਰ ਨੂੰ ਮਦਦ ਅਪੀਲ ਕਰਨ ਵਾਲੇ ਡੀਐਸਪੀ ਹਰਜਿੰਦਰ ਸਿੰਘ ਹੁਣ ਇਸ ਦੁਨੀਆਂ ‘ਚ ਨਹੀਂ ਰਹੇ।ਲੁਧਿਆਣਾ ਦੇ ਐਸਪੀਐਸ ਹਸਪਤਾਲ ਵਿਚ ਉਨ੍ਹਾਂ ਦਾ ਦਿਹਾਂਤ ਹੋ ਗਿਆ ਹੈ। ਕੋਰੋਨਾ ਦੀ ਲਾਗ ਕਾਰਨ ਉਨ੍ਹਾਂ ਦੇ ਦੋਵੇਂ ਫੇਫੜੇ ਖ਼ਰਾਬ ਹੋ ਗਏ ਸੀ। ਜਿਸ ਤੋਂ ਬਾਅਦ ਹਰਜਿੰਦਰ ਸਿੰਘ ਦੀ ਇੱਕ ਵੀਡੀਓ ਜਾਰੀ ਕਰ ਇਲਾਜ ਲਈ ਕੈਪਟਨ ਸਰਕਾਰ ਅੱਗੇ ਮਦਦ ਦੀ ਗੁਹਾਰ ਲਗਾਈ ਸੀ। ਹਰਜਿੰਦਰ ਸਿੰਘ ਨੇ ਇਲਾਜ ਲਈ ਫੰਡ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਸੀ, ਤਾਂ ਜੋ ਉਸਦੇ ਫੇਫੜਿਆਂ ਦਾ ਇਲਾਜ ਕੀਤਾ ਜਾ ਸਕੇ। ਪੀੜਤ ਡੀਐਸਪੀ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਹਸਪਤਾਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਪੂਰਾ ਸਹਿਯੋਗ ਮਿਲ ਰਿਹਾ ਹੈ, ਪਰ ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲੰਗਸ ਟਰਾਂਸਪਲਾਂਟ ਕਰਵਾਉਣੇ ਪੈਣਗੇ ਤਾਂ ਹੀ ਉਨ੍ਹਾਂ ਦੀ ਜਾਨ ਬੱਚ ਸਕਦੀ ਹੈ। ਉਕਤ ਡੀਐਸਪੀ ਵੱਲੋਂ ਮੁੱਖਮੰਤਰੀ ਨੂੰ ਅਪੀਲ ਕੀਤੀ ਗਈ ਕਿ ਉਨ੍ਹਾਂ ਦੇ ਮਰ ਜਾਣ ਤੋਂ ਬਾਅਦ ਜਿਹੜਾ ਫੰਡ ਉਨ੍ਹਾਂ ਦੇ ਅਨਾਥ ਬੱਚਿਆਂ ਨੂੰ ਮਿਲਣਾ ਹੈ ਉਹ ਹੁਣੇ ਹੀ ਮਿਲ ਜਾਵੇ ਤਾਂ ਜੋ ਉਨ੍ਹਾਂ ਦੀ ਜਾਨ ਬੱਚ ਸਕੇ। ਜਦੋਂ ਕਿਸੇ ਪਾਸੇ ਤੋਂ ਕੋਈ ਮਦਦ ਨਾ ਮਿਲੀ ਤਾਂ ਡੀਐਸਪੀ ਦੀ ਮਾਂ ਅਤੇ ਉਨ੍ਹਾਂ ਦੇ 10 ਸਾਲ ਦੇ ਬੇਟੇ ਨੇ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਮਿਲਣ ਦੀ ਕੋਸ਼ਿਸ਼ ਕੀਤੀ ਸੀ, ਜਿੱਥੇ ਉਨ੍ਹਾਂ ਦੇ ਓਐਸਡੀ ਨੇ ਸਾਰੇ ਪਰਿਵਾਰ ਦੀ ਗੱਲ ਸੁਣੀ। ਇਸ ਤੋਂ ਬਾਅਦ ਮੁੱਖ ਮੰਤਰੀ ਨੇ ਟਵੀਟ ਕਰਕੇ ਐਲਾਨ ਕੀਤਾ ਕਿ ਡੀਐਸਪੀ ਦੇ ਇਲਾਜ ਦਾ ਖਰਚਾ ਸਰਕਾਰ ਸਹਿਣ ਕਰੇਗੀ। ਡਾਕਟਰਾਂ ਮੁਤਾਬਕ ਉਸ ਦੇ ਫੇਫੜਿਆਂ ਦਾ ਟ੍ਰਾਂਸਪਲਾਂਟ ਕੀਤਾ ਜਾਣਾ ਸੀ, ਜਿਸ ‘ਤੇ ਕਰੀਬ 80 ਲੱਖ ਰੁਪਏ ਖਰਚਾ ਆਉਣਾ ਸੀ ਪਰ ਹੁਣ ਖਬਰ ਆਈ ਹੈ ਲੰਬੇ ਸਮੇਂ ਤੋਂ ਬਿਮਾਰੀ ਨਾਲ ਲੜ ਰਹੇ ਡੀਐਸਪੀ ਹਰਜਿੰਦਰ ਸਿੰਘ ਨੇ ਜ਼ਿੰਦਗੀ ਦੀ ਲੜਾਈ ਹਾਰ ਗਏ ਹਨ।