ਪੰਜਾਬ ‘ਚ 1 ਜੁਲਾਈ ਤੋਂ ਆਪ ਸਰਕਾਰ ਵਲੋਂ ਮੁਫ਼ਤ ਬਿਜਲੀ ਦਾ ਐਲਾਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਪੰਜਾਬ ‘ਚ 300 ਯੂਨਿਟ ਬਿਜਲੀ ਤੋਂ ਘੱਟ ਖਪਤ ਕਰਨ ਵਾਲੇ ਉਪਭੋਗਤਾਵਾਂ ਨੂੰ ਜ਼ੀਰੋ ਬਿੱਲ ਆਉਣ ਲੱਗਾ ਹੈ।
ਦਸ ਦੇਈਏ ਕਿ ਪਟਿਆਲਾ ਇੰਡਸਟਰੀਅਲ ਐਸੋਸੀਏਸ਼ਨ (Patiala Industrial Assocation) ਦੇ ਮੈਂਬਰਾਂ ਨਾਲ ਰੂਬਰੂ ਹੁੰਦੇ ਹੋਏ ਕੇਂਦਰੀ ਬਿਜਲੀ ਮੰਤਰੀ ਆਰ ਕੇ ਸਿੰਘ (RK Singh, Union Power Minister) ਨੇ ਕਿਹਾ ਕਿ ਬਿਜਲੀ ਮੁਫਤ ਦਿੱਤੇ ਜਾਣ ਕਾਰਨ ਪੰਜਾਬ ਦੀ ਵਿੱਤੀ ਹਾਲਾਤ ਕਾਫੀ ਵਿਗੜ ਰਹੀ ਹੈ ਅਤੇ ਪੰਜਾਬ ਨੂੰ ਆਪਣਾ ਕਰਜ਼ਾ ਉਤਾਰਨ ਦੇ ਲਈ ਹੋਰ ਕਰਜ਼ਾ ਚੁੱਕਣਾ ਪੈ ਰਿਹਾ ਹੈ।
ਆਰ ਕੇ ਸਿੰਘ ਨੇ ਪੰਜਾਬ ਦੇ ਵਿੱਤੀ ਹਾਲਾਤ ਬਾਰੇ ਅੰਕੜੇ ਪੇਸ਼ ਕਰਦਿਆਂ ਕਿਹਾ ਕਿ ਪੰਜਾਬ ਕਰਜ਼ੇ ਦੇ ਜਾਲ ‘ਚ ਫਸ ਚੁੱਕਿਆ ਹੈ। ਉਨ੍ਹਾਂ ਤਨਜ਼ ਕੱਸਦੇ ਹੋਏ ਇਹ ਵੀ ਕਿਹਾ ਕਿ ਬੇਸ਼ੱਕ ਬਿਜਲੀ ਸਭ ਨੂੰ ਮੁਫ਼ਤ ਦੇ ਦਿਉ ਪਰ ਸਰਕਾਰ ਨੂੰ ਆਪਣੇ ਸਿਰ ‘ਤੇ ਇਹ ਕੰਮ ਕਰਨਾ ਪਵੇਗਾ।
ਉਨ੍ਹਾਂ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਨਾਂ ਨਾ ਲੈਂਦੇ ਹੋਏ ਤਨਜ਼ ਕੱਸਿਆ ਕਿ ’ਮੈਂ’ਤੁਸੀਂ 300 ਯੂਨਿਟ ਫ੍ਰੀ ਬਿਜਲੀ ਕਰ ਰਿਹਾ ਹਾਂ’। ਉਨ੍ਹਾਂ ਕਿਹਾ ਕਿ ਬਿਜਲੀ ਸ਼ੌਕ ਨਾਲ ਮੁਫ਼ਤ ਕਰੋ ਪਰ ਇਸ ਦਾ ਭੁਗਤਾਨ ਸਰਕਾਰਾਂ ਵੱਲੋਂ ਕਰਨਾ ਪਵੇਗਾ ਤੇ ਸਰਕਾਰਾਂ ਦਾ ਪੈਸਾ ਲੋਕਾਂ ਦਾ ਪੈਸਾ ਹੈ, ਕਿਸੇ ਸਿਆਸੀ ਲੀਡਰ ਦੀ ਜੇਬ ‘ਚੋਂ ਨਹੀਂ ਜਾਂਦਾ, ਇਹ ਲੋਕਾਂ ਦੇ ਟੈਕਸ ਦਾ ਪੈਸਾ ਹੈ। ਆਰ ਕੇ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ 19,000 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ ਜੋ ਕਿ ਬੇਹੱਦ ਚਿੰਤਾ ਦਾ ਵਿਸ਼ਾ ਹੈ।
ਭਾਖੜਾ ਬਿਆਸ ਮੈਨੇਜਮੈਂਟ ਬੋਰਡ ‘ਚ ਪੰਜਾਬ ਰਾਜ ਦਾ ਮੈਂਬਰ ਲਾਉਣ ਬਾਰੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਅਦਾਲਤ ਦੇ ਫ਼ੈਸਲੇ ਮਗਰੋਂ ਨਿਯਮ ਬਣਾਏ ਗਏ ਹਨ ਕਿ ਪੰਜਾਬ, ਹਰਿਆਣਾ, ਹਿਮਾਚਲ ਤੇ ਰਾਜਸਥਾਨ ‘ਚੋਂ ਡਾਇਰੈਕਟਰ ਲਾਏ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਪਬਲਿਕ ਐਂਟਰਪ੍ਰਾਇਜ਼ਿਜ਼ ਬੋਰਡ ਵੱਲੋਂ ਨਿਯੁਕਤੀ ਕੀਤੀ ਜਾਂਦੀ ਹੈ। ਇਹ ਵੀ ਕਿਹਾ ਕਿ ਕੋਈ ਵੀ ਯੋਗ ਇੰਜੀਨੀਅਰ ਇਸ ਲਈ ਚੁਣਿਆ ਜਾ ਸਕਦਾ ਹੈ। ਉਨ੍ਹਾਂ ਨੇ ਨਾਲ ਇਹ ਵੀ ਕਿਹਾ ਕਿ ਜੇਕਰ ਪੰਜਾਬ ਵਿਚੋਂ ਯੋਗ ਇੰਜਨੀਅਰ ਹੋਵੇਗਾ ਤਾਂ ਉਹ ਜ਼ਰੂਰ ਚੁਣਿਆ ਜਾਵੇਗਾ।