ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸਾਹਿਬਾਨ ਅੰਦਰ 15 ਤੋਂ 31 ਦਸੰਬਰ ਤੱਕ ਸਾਦਾ ਲੰਗਰ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ। ਇਨ੍ਹਾਂ ਦਿਨਾਂ ਵਿਚ ਲੰਗਰਾਂ ਅੰਦਰ ਮਿੱਠੇ ਪਕਵਾਨ ਵੀ ਤਿਆਰ ਨਹੀਂ ਕੀਤੇ ਜਾਣਗੇ ਅਤੇ ਸਿਰੋਪਾਓ ਦੇਣ ’ਤੇ ਮੁਕੰਮਲ ਤੌਰ ’ਤੇ ਪਾਬੰਦੀ ਰਹੇਗੀ। ਇਹ ਫੈਸਲਾ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ’ਚ ਲਿਆ ਗਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਕਿਹਾ ਕਿ ਸ਼ਹੀਦੀ ਪੰਦਰਵਾੜੇ ਦੌਰਾਨ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਦੀ ਭਾਵਨਾ ਦੇ ਅਨੁਕੂਲ ਕਾਰਜ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਸਮੇਂ ਦੌਰਾਨ ਗੁਰਦੁਆਰਾ ਸਾਹਿਬਾਨ ਅੰਦਰ ਸ਼ਾਮ ਨੂੰ 4 ਤੋਂ 6 ਵਜੇ ਦਰਮਿਆਨ ਹੈੱਡ ਗ੍ਰੰਥੀ ਗੁਰਦੁਆਰਾ ਸਟਾਫ਼ ਸਮੇਤ ਗੁਰਬਾਣੀ ਜਾਪ ਵੀ ਕਰਨਗੇ। ਉਨ੍ਹਾਂ ਵਿਸ਼ਵ ਦੀ ਸੰਗਤ ਨੂੰ ਅਪੀਲ ਕੀਤੀ ਕਿ ਉਹ ਹਰ ਗੁਰਦੁਆਰਾ ਸਾਹਿਬ ਅੰਦਰ ਇਸ ਨੂੰ ਲਾਗੂ ਕਰਨ।
ਐਡਵੋਕੇਟ ਧਾਮੀ ਨੇ ਇਹ ਵੀ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਲਾਸਾਨੀ ਇਤਿਹਾਸ ਨੂੰ ਵੱਧ ਤੋਂ ਵੱਧ ਸੰਗਤਾਂ ਤੱਕ ਪਹੁੰਚਾਉਣ ਲਈ ਵੱਖ-ਵੱਖ ਭਾਸ਼ਾਵਾਂ ਵਿਚ ਕਿਤਾਬਚੇ ਛਾਪਣ ਦਾ ਵੀ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ‘ਨਿੱਕੀਆਂ ਜਿੰਦਾਂ ਵੱਡਾ ਸਾਕਾ’ ਨਾਂ ਦੀ ਸਚਿੱਤਰ ਪੁਸਤਕ ਪੰਜਾਬੀ ਤੇ ਅੰਗਰੇਜ਼ੀ ਵਿਚ ਲੰਮੇ ਅਰਸੇ ਤੋਂ ਛਾਪੀ ਜਾ ਰਹੀ ਹੈ, ਜਿਸ ਨੂੰ ਹੁਣ ਬੰਗਾਲੀ, ਮਰਾਠੀ, ਗੁਜਰਾਤੀ, ਕੰਨੜ, ਤੇਲਗੂ, ਮਲਿਆਲਮ, ਹਿੰਦੀ, ਤਾਮਿਲ ਤੇ ਉਰਦੂ ਵਿਚ ਵੀ ਜਾਰੀ ਕੀਤਾ ਜਾਵੇਗਾ। ਇਸ ਦੇ ਵੱਖ-ਵੱਖ ਭਾਸ਼ਾਵਾਂ ਵਿਚ ਖਰੜੇ ਤਿਆਰ ਕਰਵਾਏ ਜਾ ਚੁੱਕੇ ਹਨ, ਜਿਨ੍ਹਾਂ ਨੂੰ ਵਿਦਵਾਨਾਂ ਪਾਸੋਂ ਜਾਂਚ ਉਪਰੰਤ ਸੰਗਤ ਅਰਪਣ ਕੀਤਾ ਜਾਵੇਗਾ।
ਅੰਤ੍ਰਿੰਗ ਕਮੇਟੀ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਘੱਟਗਿਣਤੀਆਂ ਨੂੰ ਦਬਾਉਣ ਦੀਆਂ ਨੀਤੀਆਂ ਤਹਿਤ ਦੇਸ਼ ਅੰਦਰ ਯੂਨੀਫਾਰਮ ਸਿਵਲ ਕੋਡ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਦਾ ਵੀ ਕਰੜਾ ਵਿਰੋਧ ਕਰਦਿਆਂ ਨਿੰਦਾ ਮਤਾ ਪਾਸ ਕੀਤਾ ਹੈ।
ਇਸ ਬਾਰੇ ਗੱਲ ਕਰਦਿਆਂ ਐਡਵੋਕੇਟ ਧਾਮੀ ਨੇ ਕਿਹਾ ਕਿ ਭਾਜਪਾ ਸਰਕਾਰ ਦੇਸ਼ ਅੰਦਰ ਘਟਗਿਣਤੀਆਂ ਨੂੰ ਦਬਾਉਣਾ ਚਾਹੁੰਦੀ ਹੈ, ਜਿਸ ਵਿਰੁੱਧ ਹਰ ਪੱਧਰ ’ਤੇ ਅਵਾਜ਼ ਬੁਲੰਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਯੂਨੀਫਾਰਮ ਸਿਵਲ ਕੋਡ ਰਾਹੀਂ ਰਾਜਾਂ ਦੇ ਅਧਿਕਾਰ ਪ੍ਰਭਾਵਿਤ ਹੋਣ ਦੇ ਨਾਲ-ਨਾਲ ਵੱਖ-ਵੱਖ ਕੌਮਾਂ/ਧਰਮਾਂ ਦੇ ਨਿੱਜੀ ਕਾਨੂੰਨਾਂ ਅਤੇ ਧਾਰਮਿਕ ਅਕੀਦਿਆਂ ਵਿਚ ਦਖ਼ਲਅੰਦਾਜ਼ੀ ਹੋਵੇਗੀ। ਉਨ੍ਹਾਂ ਕਿਹਾ ਕਿ ਅੰਤ੍ਰਿੰਗ ਕਮੇਟੀ ਨੇ ਇਸ ਦਾ ਕਰੜਾ ਵਿਰੋਧ ਕੀਤਾ ਹੈ ਅਤੇ ਸੂਬਿਆਂ ਦੀਆਂ ਸਰਕਾਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਸ ਵਿਰੁੱਧ ਮਤਾ ਲਿਆਉਣ। ਐਡਵੋਕੇਟ ਧਾਮੀ ਨੇ ਕੌਮੀ ਘਟਗਿਣਤੀ ਕਮਿਸ਼ਨ ਦੇ ਚੇਅਰਮੈਨ ਸ. ਇਕਬਾਲ ਸਿੰਘ ਲਾਲਪੁਰਾ ਦੇ ਇਸ ਮਾਮਲੇ ’ਤੇ ਚੁੱਪ ਰਹਿਣ ’ਤੇ ਵੀ ਸਵਾਲ ਉਠਾਇਆ।
ਉਨ੍ਹਾਂ ਕਿਹਾ ਕਿ ਸ. ਲਾਲਪੁਰਾ ਇਸ ਮਾਮਲੇ ’ਤੇ ਘਟਗਿਣਤੀਆਂ ਦੀ ਨੁਮਾਇੰਦਗੀ ਕਰਨ ਦੀ ਥਾਂ ਭਾਜਪਾ ਦੀ ਰਾਜਨੀਤੀ ਦਾ ਹਿੱਸਾ ਬਣੇ ਹੋਏ ਹਨ। ਐਡਵੋਕੇਟ ਧਾਮੀ ਨੇ ਸ. ਲਾਲਪੁਰਾ ਨੂੰ ਕਿਹਾ ਕਿ ਉਹ ਜਾਂ ਭਾਜਪਾ ਦੇ ਰਾਜਸੀ ਅਹੁਦੇ ’ਤੇ ਰਹਿਣ ਜਾਂ ਫਿਰ ਸੰਵਿਧਾਨਕ ਅਹੁਦੇ ਦੀ ਮਰਯਾਦਾ ਅਨੁਸਾਰ ਸਹੀ ਅਰਥਾਂ ਵਿਚ ਘਟਗਿਣਤੀਆਂ ਦੀ ਨੁਮਾਇੰਦਗੀ ਕਰਨ।
ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਨੂੰ ਚੁਣੌਤੀ ਦੇਣ ਅਤੇ ਉਨ੍ਹਾਂ ਦਾ ਪੁਤਲਾ ਫੂਕਣ ਦੀ ਵੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਐਡਵੋਕੇਟ ਧਾਮੀ ਅਨੁਸਾਰ ਅੰਤ੍ਰਿੰਗ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਦਾ ਵਿਰੋਧ ਕਰਨ ਵਾਲਿਆਂ ਨੂੰ ਮੁਆਫ਼ੀ ਮੰਗਣ ਲਈ ਆਖਿਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਅਵੱਗਿਆ ਕਰਨ ਵਾਲੇ ਸੱਚੇ ਸਿੱਖ ਨਹੀਂ ਹੋ ਸਕਦੇ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਪਾਕਿਸਤਾਨ ਅੰਦਰ ਸਿੱਖਾਂ ਦੇ ਅਸਥਾਨਾਂ ’ਤੇ ਅਕਸਰ ਕਬਜ਼ਿਆਂ ਦੇ ਸਾਹਮਣੇ ਆਉਂਦੇ ਮਾਮਲਿਆਂ ਦੇ ਹੱਲ ਲਈ ਸਰਕਾਰ ਨੂੰ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਗੁਰਦੁਆਰਾ ਸ਼ਹੀਦ ਗੰਜ ਭਾਈ ਤਾਰੂ ਸਿੰਘ ਅਤੇ ਗੁਰਦੁਆਰਾ ਸ਼ਹੀਦ ਸਿੰਘ ਸਿੰਘਣੀਆਂ ’ਤੇ ਕਬਜ਼ੇ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਬਾਰੇ ਪਾਕਿਸਤਾਨ ਸਰਕਾਰ ਅਤੇ ਓਕਾਫ ਬੋਰਡ ਨੂੰ ਪੱਤਰ ਲਿਖਿਆ ਜਾਵੇਗਾ। ਇਸ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਹ ਵੀ ਦੱਸਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼ੁਰੂ ਕੀਤੀ ਗਈ ਦਸਤਖ਼ਤੀ ਮੁਹਿੰਮ ਨੂੰ ਦੇਸ਼ ਵਿਦੇਸ਼ ਤੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਹੁਣ ਤੱਕ 2 ਲੱਖ 40 ਹਜ਼ਾਰ ਤੋਂ ਵੱਧ ਪ੍ਰੋਫਾਰਮੇ ਭਰੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਜਲਦ ਹੀ ਇਸ ਦਾ ਹੋਰ ਵਿਸਥਾਰ ਕੀਤਾ ਜਾਵੇਗਾ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h