Panjab University Election: ਪੰਜਾਬ ਯੂਨੀਵਰਸਿਟੀ ਨੇ ਕੋਵਿਡ ਕਾਰਨ ਤਿੰਨ ਸਾਲ ਬਾਅਦ ਹੋਣ ਵਾਲੀਆਂ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ (Student Union Elections) ਲਈ 14 ਤੋਂ 18 ਅਕਤੂਬਰ ਤੱਕ ਦਾ ਸਮਾਂ ਤਜਵੀਜ਼ ਕੀਤਾ ਸੀ। ਜੇਕਰ ਇਸ ਤਰੀਕ ‘ਤੇ ਚੋਣਾਂ ਨਾ ਹੁੰਦੀਆਂ ਤਾਂ ਇਹ ਤਰੀਕ ਨਵੰਬਰ ਤੱਕ ਮੁਲਤਵੀ ਹੋ ਜਾਣੀ ਸੀ। ਪ੍ਰਸ਼ਾਸਨ ਨੇ ਸੋਮਵਾਰ ਨੂੰ ਪੰਜਾਬ ਯੂਨੀਵਰਸਿਟੀ (Elections in Panjab University) ਅਤੇ ਇਸ ਨਾਲ ਸਬੰਧਤ ਕਾਲਜਾਂ ਵਿੱਚ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।
ਦੱਸ ਦਈਏ ਕਿ ਜਾਰੀ ਕੀਤੇ ਨੋਟੀਫਿਕੇਸ਼ਨ ਮੁਤਾਬਕ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ 18 ਅਕਤੂਬਰ ਨੂੰ ਹੋਣਗੀਆਂ। ਇਸ ਦੌਰਾਨ ਅਹੁਦੇਦਾਰਾਂ, ਵਿਭਾਗ ਦੇ ਨੁਮਾਇੰਦੇ ਅਤੇ ਕਾਰਜਕਾਰਨੀ ਕਮੇਟੀ ਦੀਆਂ ਚੋਣਾਂ ਕਰਵਾਈਆਂ ਜਾਣਗੀਆਂ। ਚੋਣਾਂ ਦਾ ਜ਼ਿਆਦਾਤਰ ਕੰਮ 12 ਅਤੇ 13 ਅਕਤੂਬਰ ਨੂੰ ਕੀਤਾ ਜਾਵੇਗਾ। 21 ਅਕਤੂਬਰ ਨੂੰ ਦੁਪਹਿਰ 12 ਵਜੇ ਵਿਭਾਗ ਦੇ ਨੁਮਾਇੰਦਿਆਂ ਦੇ ਨਾਂਅ ਡੀਐਸਡਬਲਿਊ ਦਫ਼ਤਰ ਵਿਖੇ ਭੇਜੇ ਜਾਣਗੇ। ਕਾਰਜਕਾਰਨੀ ਕਮੇਟੀ ਦੀਆਂ ਚੋਣਾਂ 28 ਅਕਤੂਬਰ ਨੂੰ ਹੋਣਗੀਆਂ।
ਇਸ ਦੇ ਨਾਲ ਹੀ ਚੋਣਾਂ ਦੀ ਤਰੀਕ ਤੈਅ ਹੁੰਦੇ ਹੀ ਪੰਜਾਬ ਯੂਨੀਵਰਸਿਟੀ ਦੇ ਕੈਂਪਸ ਵਿੱਚ ਸਖ਼ਤੀ ਵਧਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪੀਯੂ ਦੇ ਸੁਰੱਖਿਆ ਕਰਮੀਆਂ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ। ਅੰਦਰ ਜਾਣ ਵਾਲਿਆਂ ਦੇ ਪਛਾਣ ਪੱਤਰਾਂ ਦੀ ਜਾਂਚ ਕੀਤੀ ਜਾ ਰਹੀ ਹੈ। ਨਾਲਲ ਹੀ ਕੈਂਪਸ ਵਿੱਚ ਰਹਿਣ ਵਾਲੇ ਪ੍ਰੋਫੈਸਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਪਛਾਣ ਪੱਤਰ ਨਾਲ ਰੱਖਣਾ ਹੋਵੇਗਾ। ਬਾਹਰਲੇ ਵਾਹਨਾਂ ਨੂੰ ਲੈ ਕੇ ਵੀ ਕੈਂਪਸ ਵਿੱਚ ਸਖ਼ਤੀ ਹੋਵੇਗੀ। ਪੀਯੂ ਨੇ ਅਜੇ ਤੱਕ ਕੁਝ ਨਵੇਂ ਵਿਦਿਆਰਥੀਆਂ ਨੂੰ ਪਛਾਣ ਪੱਤਰ ਜਾਰੀ ਨਹੀਂ ਕੀਤੇ ਹਨ। ਵਿਦਿਆਰਥੀਆਂ ਤੇ ਵਿਦਿਆਰਥੀ ਜਥੇਬੰਦੀਆਂ ਨੇ ਵੀ ਉਨ੍ਹਾਂ ਨੂੰ ਸ਼ਨਾਖਤੀ ਕਾਰਡ ਦਿੱਤੇ ਜਾਣ ਦੀ ਮੰਗ ਕੀਤੀ ਹੈ।
ਕੁਝ ਉਮੀਦਵਾਰਾਂ ਨੂੰ ਰਾਹਤ
ਇਸ ਦੇ ਨਾਲ ਹੀ ਕੋਵਿਡ ਕਾਰਨ ਚੋਣ ਨਹੀਂ ਲੜ ਸਕਣ ਵਾਲੇ ਵਿਦਿਆਰਥੀਆਂ ਲਈ ਰਾਹਤ ਦੀ ਖ਼ਬਰ ਹੈ। ਪੀਯੂ ਮੈਨੇਜਮੈਂਟ ਨੇ ਅਜਿਹੇ ਉਮੀਦਵਾਰਾਂ ਨੂੰ ਦੋ ਸਾਲ ਦੀ ਛੋਟ ਦਿੱਤੀ ਹੈ। ਪੰਜਾਬ ਯੂਨੀਵਰਸਿਟੀ ਅਤੇ ਇਸ ਨਾਲ ਸਬੰਧਤ ਕਾਲਜਾਂ ਵਿੱਚ ਸਾਲ 2020 ਅਤੇ 2021 ਵਿੱਚ ਪੜ੍ਹਣ ਵਾਲੇ ਵਿਦਿਆਰਥੀਆਂ ਦੀ ਉਮਰ ਲੰਘ ਚੁੱਕੀ ਹੈ। ਹੁਣ ਜਦੋਂ ਚੋਣਾਂ ਹੋਈਆਂ ਤਾਂ ਉਨ੍ਹਾਂ ਵਿਦਿਆਰਥੀਆਂ ਨੇ ਚੋਣ ਲੜਨ ਦੀ ਇੱਛਾ ਜ਼ਾਹਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਵੀ ਮੌਕਾ ਦਿੱਤਾ ਜਾਵੇ। ਪੀਯੂ ਮੈਨੇਜਮੈਂਟ ਨੇ ਸਪੱਸ਼ਟ ਕੀਤਾ ਹੈ ਕਿ ਇਹ ਛੋਟ ਸਿਰਫ਼ ਇੱਕ ਵਾਰ ਦਿੱਤੀ ਜਾ ਰਹੀ ਹੈ। ਇਹ ਭਵਿੱਖ ਲਈ ਪਰੰਪਰਾ ਨਹੀਂ ਬਣੇਗੀ।