ਫਗਵਾੜਾ: ਪੰਜਾਬ ਦੇ ਖੇਤੀ ਤੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ (Kuldeep Singh Dhaliwal) ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਕੀਤੇ ਪੁਖਤਾ ਪ੍ਰਬੰਧਾਂ ਤੇ ਕਿਸਾਨਾਂ ਦੇ ਸਹਿਯੋਗ ਨਾਲ ਝੋਨੇ ਦੀ ਖਰੀਦ (Procurement of Paddy) ਸੁਚਾਰੂ ਤਰੀਕੇ ਨਾਲ ਚੱਲ ਰਹੀ ਹੈ।
ਇਹ ਵੀ ਪੜ੍ਹੋ : Punjab Government: ਸ਼ਾਮਲਾਟ ਜ਼ਮੀਨਾਂ ‘ਤੇ ਕਬਜ਼ਾ ਕਰਨ ਵਾਲਿਆਂ ‘ਤੇ ਸਖ਼ਤ ਹੋਈ ਪੰਜਾਬ ਸਰਕਾਰ, ਮਾਲਕੀ ਮੁੜ ਗਰਾਮ ਪੰਚਾਇਤਾਂ ਦੇ ਨਾਂ ਕਰਨ ਦੇ ਦਿੱਤੇ ਹੁਕਮ
ਫਗਵਾੜਾ ਦਾਣਾ ਮੰਡੀ ਵਿਖੇ ਝੋਨੇ ਦੀ ਖਰੀਦ ਦਾ ਜਾਇਜ਼ਾ ਲੈਣ ਮੌਕੇ ਖੇਤੀ ਮੰਤਰੀ (Punjab Agriculture Minister) ਨੇ ਕਿਹਾ ਕਿ ਪਹਿਲੀ ਵਾਰ ਹੈ ਕਿ ਝੋਨੇ ਦੀ ਖਰੀਦ ਬਦਲੇ ਕਿਸਾਨਾਂ ਨੂੰ ਮਿੱਥੇ 48 ਘੰਟੇ ਦੇ ਸਮੇਂ ਤੋਂ ਪਹਿਲਾਂ ਅਦਾਇਗੀ ਕੀਤੀ ਜਾ ਰਹੀ ਹੈ ਤੇ ਕਿਸਾਨ 12 ਘੰਟੇ ਵਿੱਚ ਫਸਲ ਵੇਚਕੇ ਆਪਣੇ ਘਰ ਜਾ ਰਿਹਾ ਹੈ। ਉਨ੍ਹਾਂ ਮੰਡੀ ਵਿਖੇ ਕਿਸਾਨਾਂ ਤੇ ਆੜ੍ਹਤੀਆਂ ਨਾਲ ਵੀ ਗੱਲਬਾਤ ਕੀਤੀ, ਜਿਨ੍ਹਾਂ ਨੇ ਮੰਡੀਆਂ ਵਿਚ ਚੱਲ ਰਹੀ ਖ੍ਰੀਦ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ।
ਦੱਸਣਯੋਗ ਹੈ ਕਿ ਕਪੂਰਥਲਾ ਜ਼ਿਲ੍ਹੇ ਵਿਚ ਝੋਨੇ ਦੀ ਖ੍ਰੀਦ ਦੇ ਮਿੱਥੇ ਟੀਚੇ 796120 ਦਾ 80 ਫੀਸਦੀ ਤੋਂ ਵੱਧ ਝੋਨਾ ਸਰਕਾਰੀ ਖ੍ਰੀਦ ਏਜੰਸੀਆਂ ਵਲੋਂ ਖ੍ਰੀਦਿਆ ਜਾ ਚੁੱਕਾ ਹੈ । ਜਿਲ੍ਹੇ ਵਿਚ ਬੀਤੇ ਕੱਲ੍ਹ ਤੱਕ 631944 ਮੀਟਰਕ ਟਨ ਝੋਨੇ ਦੀ ਖਰੀਦ ਹੋਈ ਹੈ।
ਮੰਡੀਆਂ ਵਿਚ ਖਰੀਦੇ ਝੋਨੇ ਬਦਲੇ ਕਿਸਾਨਾਂ ਨੂੰ 1199.51 ਕਰੋੜ ਰੁਪੈ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ, ਜੋ ਕਿ ਨਿਰਧਾਰਿਤ ਸਮੇਂ 48 ਘੰਟੇ ਅੰਦਰ ਕੀਤੀ ਜਾਣ ਵਾਲੀ ਅਦਾਇਗੀ ਦਾ 101.57 ਫੀਸਦੀ ਬਣਦਾ ਹੈ। ਰੋਜ਼ਾਨਾ ਕਿਸਾਨਾਂ ਨੂੰ 75 ਕਰੋੜ ਰੁਪੈ ਤੋਂ ਵੱਧ ਦੀ ਅਦਾਇਗੀ ਕੀਤੀ ਜਾ ਰਹੀ ਹੈ।
ਲਿਫਟਿੰਗ ਵਿਚ ਵੀ ਜਿਲ੍ਹਾ ਕਪੂਰਥਲਾ ਅੰਦਰ ਸ਼ਾਨਦਾਰ ਕਾਰਗੁਜ਼ਾਰੀ ਦਿਖਾਈ ਗਈ ਹੈ, ਜਿਸ ਤਹਿਤ ਹੁਣ ਤੱਕ 546722 ਮੀਟਰਕ ਟਨ ਚੁਕਾਈ ਹੋ ਚੁੱਕੀ ਹੈ, ਜੋ ਕਿ ਨਿਰਧਾਰਿਤ 72 ਘੰਟੇ ਦੇ ਸਮੇਂ ਅੰਦਰ ਕੀਤੀ ਜਾਣ ਵਾਲੀ ਚੁਕਾਈ ਦਾ 102.18 ਫੀਸਦੀ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਫਗਵਾੜਾ ਡਾ. ਨਯਨ ਜੱਸਲ , ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤੇ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ, ਜਿਲ੍ਹਾ ਮੰਡੀ ਅਫਸਰ ਮੁਨੀਸ ਕੈਲੇ ਤੇ ਹੋਰ ਹਾਜ਼ਰ ਸਨ।
ਇਹ ਵੀ ਪੜ੍ਹੋ : ਤਰਨਤਾਰਨ ‘ਚ ਨਸ਼ਿਆਂ ਦੀ ਭੇਟ ਚੜ੍ਹਿਆ 35 ਸਾਲਾ ਨੌਜਵਾਨ, 18 ਸਾਲਾਂ ਤੋਂ ਕਰ ਰਿਹਾ ਸੀ ਨਸ਼ਾ