ਫਰਵਰੀ ਮਹੀਨੇ ਵਿੱਚ ਹੋਈ ਗੜ੍ਹੇਮਾਰੀ ਕਾਰਨ ਕਿਸਾਨਾਂ ਦੀ ਸੈਂਕੜੇ ਏਕੜ ਕਣਕ ਦੀ ਫਸਲ ਗੜੇਮਾਰੀ ਦੀ ਭੇਟ ਚੜ੍ਹ ਗਈ ਸੀ। ਕਣਕ ਦਾ ਪ੍ਰਤੀ ਏਕੜ 10 ਤੋਂ 15 ਮਣ ਝਾੜ ਘੱਟ ਜਾਣ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਸਰਕਾਰ ਵੱਲੋਂ ਅਜੇ ਤੱਕ ਕੋਈ ਵੀ ਮੁਆਵਜ਼ਾ ਨਹੀਂ ਮਿਲਿਆ। ਕਿਸਾਨਾਂ ਨੇ ਮਦਦ ਦੀ ਮੰਗ ਕੀਤੀ ਹੈ ਅਤੇ ਵਿਧਾਇਕ ਨੇ ਕਿਹਾ ਚੋਣਾਂ ਤੋਂ ਬਾਅਦ ਕਿਸਾਨਾਂ ਦੀ ਮਦਦ ਕੀਤੀ ਜਾਵੇਗੀ।
ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਵਿੱਚ ਕਣਕ ਦਾ ਨੁਕਸਾਨ ਹੋਇਆ ਸੀ ਜਿਸ ਤੋਂ ਬਾਅਦ ਹਲਕਾ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਵੱਲੋਂ ਨੁਕਸਾਨੀਆਂ ਫਸਲਾਂ ਦਾ ਜਾਇਜ਼ਾ ਲੈਕੇ ਪੰਜਾਬ ਦੇ ਮੁੱਖ ਮੰਤਰੀ ਦੀਆਂ ਹਦਾਇਤਾ ਤਹਿਤ ਕਿਸਾਨਾਂ ਦੇ ਨੁਕਸਾਨ ਦੀ ਭਰਪਾਈ ਲਈ ਗਿਰਦਾਵਰੀ ਕਰਵਾਈ ਗਈ ਪਰੰਤੂ ਕਣਕ ਦੀ ਕਟਾਈ ਹੋਣ ਤੱਕ ਕਿਸੇ ਵੀ ਕਿਸਾਨ ਨੂੰ ਅੱਜ ਤੱਕ ਮੁਆਵਜ਼ਾ ਨਹੀਂ ਮਿਲਿਆ।
ਪਿੰਡ ਨਿਆਲ ਤੇ ਆਸ ਪਾਸ ਦੇ ਪਿੰਡਾਂ ਵਿੱਚ ਕਿਸਾਨਾਂ ਵੱਲੋਂ ਕਣਕ ਦੀ ਕੀਤੀ ਜਾ ਰਹੀ ਕਟਾਈ ਮੌਕੇ ਜਦੋਂ ਦੇਖਿਆ ਤਾਂ ਨੂਕਸਾਨੀ ਗਈ ਫ਼ਸਲ ਵਿੱਚੋਂ ਸਿਰਫ਼ 10 ਮਣ ਤੋਂ ਲੈ ਕੇ 15 ਮਣ ਕਣਕ ਦਾ ਝਾੜ ਘੱਟ ਨਿਕਲਿਆ। ਜਿਸ ਕਾਰਨ ਕਿਸਾਨਾਂ ਨੂੰ ਇਸ ਵਾਰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਹੀ ਕੁਝ ਕਿਸਾਨਾਂ ਵੱਲੋਂ 60 ਤੋਂ 70 ਹਜ਼ਾਰ ਰੁਪਏ ਉਤੇ ਠੇਕੇ ਲੈਕੇ ਖੇਤੀ ਕੀਤੀ ਸੀ।
ਉਨ੍ਹਾਂ ਕਿਸਾਨਾਂ ਦਾ ਠੇਕਾ ਵੀ ਪੂਰਾ ਨਹੀਂ ਹੋਇਆ ਹੈ। ਕਿਸਾਨ ਦਲਵੀਰ ਸਿੰਘ ਪਿੰਡ ਨਿਆਲ, ਰਾਜ ਕੁਮਾਰ ਪਿੰਡ ਦੇਧਣਾ ਤੇ ਅਮਰੀਕ ਸਿੰਘ ਦਾ ਕਹਿਣਾ ਹੈ ਕਿ ਫ਼ਸਲ ਦੇ ਨੁਕਸਾਨ ਤੋਂ ਬਾਅਦ ਵਿਧਾਇਕ ਵੱਲੋਂ ਦੌਰਾ ਕਰਕੇ ਗਿਰਦਾਵਰੀ ਕਰਵਾਉਣ ਤੋਂ ਬਾਅਦ ਵੀ ਕੋਈ ਮਦਦ ਨਹੀਂ ਮਿਲੀ ਹੈ। ਇਸ ਲਈ ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਹੋਏ ਨੁਕਸਾਨ ਲਈ ਮਦਦ ਕੀਤੀ ਜਾਵੇ ਤਾਂ ਜੋ ਅਗਲੀ ਫ਼ਸਲ ਦੀ ਬਿਜਾਈ ਕਰ ਸਕਣ।
ਜਦੋਂ ਹਲਕਾ ਵਿਧਾਇਕ ਸ਼ੁਤਰਾਣਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਚੋਣ ਜ਼ਾਬਤਾ ਲੱਗ ਜਾਣ ਕਾਰਨ ਕਿਸਾਨਾਂ ਦਾ ਮੁਆਵਜ਼ਾ ਨਹੀਂ ਮਿਲ ਸਕਿਆ। ਚੋਣਾਂ ਤੋਂ ਬਾਅਦ ਜਿਨ੍ਹਾਂ ਕਿਸਾਨਾਂ ਦਾ ਨੁਕਸਾਨ ਹੋਇਆ ਹੈ ਉਨ੍ਹਾਂ ਦੀ ਮਦਦ ਕੀਤੀ ਜਾਵੇਗੀ।