ਚੰਡੀਗੜ੍ਹ: ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਅੱਜ ਸੂਬੇ ਅੰਦਰ 16 ਜਿਲ੍ਹਿਆਂ ‘ਚ 24 ਥਾਵਾਂ ‘ਤੇ ਵੱਡੇ ਜਨਤਕ ਇਕੱਠਾਂ ਰਾਹੀਂ ਸ਼ਹੀਦ ਭਗਤ ਸਿੰਘ , ਰਾਜਗੁਰੂ ਤੇ ਸੁਖਦੇਵ ਨੂੰ ਸੰਗਰਾਮੀ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਸਾਮਰਾਜਵਾਦ ਖਿਲਾਫ਼ ਸੰਘਰਸ਼ ਜਾਰੀ ਰੱਖਣ ਦਾ ਅਹਿਦ ਕੀਤਾ ਗਿਆ। ਜ਼ਿਲ੍ਹਾ ਤੇ ਬਲਾਕ ਪੱਧਰ ‘ਤੇ ਹੋਏ ਇਕੱਠਾਂ ਨੂੰ ਸੰਬੋਧਨ ਕਰਨ ਵਾਲੇ ਬੁਲਾਰਿਆਂ ਨੇ ਸ਼ਹੀਦ ਭਗਤ ਸਿੰਘ ਦੇ ਸਾਮਰਾਜਵਾਦ ਖਿਲਾਫ ਕੀਤੇ ਸੰਘਰਸ਼ ਨੂੰ ਅਤੇ ਅੱਜ ਵੀ ਪ੍ਰਸੰਗਕ ਉਸ ਦੇ ਵਿਚਾਰਾਂ ਨੂੰ ਸਲਾਮ ਕਹੀ। ਇਨ੍ਹਾਂ ਇਕੱਠਾਂ ਨੂੰ ਸੰਬੋਧਨ ਕਰਨ ਵਾਲੇ ਬੁਲਾਰਿਆਂ ਦੇ ਸਰੋਕਾਰਾਂ ਦੇ ਕੇਂਦਰ ਵਿਚ ਪੰਜਾਬ ਦੇ ਮੌਜੂਦਾ ਹਾਲਾਤ ਰਹੇ ਤੇ ਸਭਨਾਂ ਨੇ ਇੱਕ-ਜੁੱਟ ਹੋ ਕੇ ਮੰਗ ਕੀਤੀ ਕਿ ਪੰਜਾਬ ਵਿਚੋਂ ਸੁਰੱਖਿਆ ਬਲਾਂ ਨੂੰ ਫੌਰੀ ਵਾਪਸ ਸੱਦਿਆ ਜਾਵੇ, ਕੌਮੀ ਸੁਰੱਖਿਆ ਏਜੰਸੀ ਨੂੰ ਪੰਜਾਬ ਤੋਂ ਦੂਰ ਰੱਖਿਆ ਜਾਵੇ , ਕੌਮੀ ਸੁਰੱਖਿਆ ਕਾਨੂੰਨ ਵਰਤਣਾ ਬੰਦ ਕੀਤਾ ਜਾਵੇ ਤੇ ਇਸ ਨੂੰ ਰੱਦ ਕੀਤਾ ਜਾਵੇ ਅਤੇ ਪੰਜਾਬ ਵਿਚ ਦਹਿਸ਼ਤ ਪਾਉਣ ਦੇ ਕਦਮ ਫੌਰੀ ਰੋਕੇ ਜਾਣ। ਮੁੱਠੀ ਭਰ ਫਿਰਕੂ ਅਨਸਰਾਂ ਨੂੰ ਨਜਿੱਠਣ ਦੇ ਨਾਂ ਹੇਠ ਨੌਜਵਾਨਾਂ ਦੀਆਂ ਥੋਕ ਗ੍ਰਿਫਤਾਰੀਆਂ ਦਾ ਸਿਲਸਿਲਾ ਬੰਦ ਕੀਤਾ ਜਾਵੇ ਤੇ ਫਿਰਕੂ ਅਨਸਰਾਂ ਤੋਂ ਬਿਨਾਂ ਬਾਕੀ ਦੇ ਬੇਕਸੂਰ ਆਮ ਨੌਜਵਾਨਾਂ ਨੂੰ ਰਿਹਾਅ ਕੀਤਾ ਜਾਵੇ।
ਜਥੇਬੰਦੀ ਦੇ ਸੂਬਾਈ ਬੁਲਾਰਿਆਂ ਦੇ ਨਾਲ ਨਾਲ ਜ਼ਿਲ੍ਹਾ ਤੇ ਬਲਾਕ ਪੱਧਰੀ ਆਗੂਆਂ ਨੇ ਆਪਣੇ ਸੰਬੋਧਨਾਂ ਦੌਰਾਨ ਸਾਂਝੇ ਤੌਰ ‘ਤੇ ਕਿਹਾ ਕਿ ਪੰਜਾਬ ਅਤੇ ਕੇਂਦਰੀ ਸਰਕਾਰ ਨੇ ਅੰਮ੍ਰਿਤਪਾਲ ਤੇ ਉਸ ਦੇ ਚੰਦ ਕੁ ਸਮਰਥਕਾਂ ਨੂੰ ਕਾਬੂ ਕਰਨ ਦੀ ਸਧਾਰਨ ਕਾਰਵਾਈ ਨੂੰ ਫਿਰਕੂ ਰਾਸ਼ਟਰਵਾਦੀ ਮੁਹਿੰਮ ‘ਚ ਬਦਲਣ ਦੀ ਕੋਸ਼ਿਸ਼ ਕੀਤੀ ਹੈ ਜਿਹੜਾ ਵੋਟ ਸਿਆਸਤ ਤੋਂ ਪ੍ਰੇਰਿਤ ਕਦਮ ਹੈ। ਖ਼ਾਲਿਸਤਾਨ ਦਾ ਹਊਆ ਖੜ੍ਹਾ ਕਰ ਕੇ ਕੌਮੀ ਸੁਰੱਖਿਆ ਦਾ ਝੂਠਾ ਬਿਰਤਾਂਤ ਘੜਿਆ ਜਾ ਰਿਹਾ ਹੈ ਤਾਂ ਕਿ ਬਾਕੀ ਮੁਲਕ ਅੰਦਰ ਦੇਸ ਦੀ ਸੁਰੱਖਿਆ ਦੇ ਭਰਮ ਨੂੰ ਉਭਾਰਿਆ ਜਾ ਸਕੇ ਤੇ ਪੰਜਾਬ ਅੰਦਰ ਲੋਕਾਂ ਵਿਚ ਫਿਰਕੂ ਪਾਟਕ ਖੜੇ ਕੀਤੇ ਜਾ ਸਕਣ। ਇਹ ਵੱਡਾ ਅਪਰੇਸ਼ਨ ਆਖਰ ਨੂੰ ਪੰਜਾਬ ਦੇ ਲੋਕਾਂ ਖਿਲਾਫ਼ ਹਕੂਮਤੀ ਜਬਰ ਲਈ ਰਾਹ ਪੱਧਰਾ ਕਰਨ ਦਾ ਜ਼ਰੀਆ ਬਣਨਾ ਹੈ ਜਿਸ ਵਿੱਚ ਮੋਦੀ ਸਰਕਾਰ ਵੱਲੋਂ ਪੰਜਾਬ ਦੀ ਜਨਤਕ ਜਮਹੂਰੀ ਲਹਿਰ ‘ਤੇ ਸੱਟ ਮਾਰਨ ਦੀ ਗੁੱਝੀ ਮਨਸ਼ਾ ਵੀ ਸ਼ਾਮਲ ਹੈ। ਹਾਲਾਂਕਿ ਇਹ ਜਾਹਿਰ ਹੈ ਕਿ ਫ਼ਿਰਕੂ ਪ੍ਰਚਾਰ ਤੇ ਲਾਮਬੰਦੀ ਕਰਨ ਦੀਆਂ ਕੋਸ਼ਿਸ਼ਾਂ ਕਰਨ ਵਾਲੇ ਮੁੱਠੀ ਭਰ ਅਨਸਰਾਂ ਨੂੰ ਸਧਾਰਨ ਤਰੀਕੇ ਨਾਲ ਵੀ ਰੋਕਿਆ ਜਾ ਸਕਦਾ ਸੀ।
ਬੁਲਾਰਿਆਂ ਨੇ ਸਾਮਰਾਜਵਾਦ ਖਿਲਾਫ ਲੋਕਾਂ ਦੇ ਸੰਘਰਸ਼ਾਂ ਦੌਰਾਨ ਫਿਰਕਾਪ੍ਰਸਤੀ ਖ਼ਿਲਾਫ਼ ਜੂਝਣ ਦੇ ਮਹੱਤਵ ਬਾਰੇ ਵਿਸ਼ੇਸ਼ ਕਰਕੇ ਚਰਚਾ ਕੀਤੀ ਅਤੇ ਭਗਤ ਸਿੰਘ ਦੇ ਵਿਚਾਰਾਂ ਦੇ ਹਵਾਲੇ ਨਾਲ ਕਿਹਾ ਕਿ ਅੰਗਰੇਜ ਬਸਤੀਵਾਦ ਵੇਲੇ ਤੋਂ ਹੀ ਦੇਸ਼ ਅੰਦਰ ਫਿਰਕਾਪ੍ਰਸਤੀ ਦਾ ਪਸਾਰਾ ਕੀਤਾ ਗਿਆ ਸੀ। ਜਿਹੜਾ ਅੰਗਰੇਜ਼ਾਂ ਦੇ ਵਾਰਸ ਦੇਸੀ ਹਾਕਮਾਂ ਵੱਲੋਂ ਵੀ ਪਾੜੋ ਤੇ ਰਾਜ ਕਰੋ ਦੀ ਨੀਤੀ ਹੇਠ ਓਵੇਂ ਜਿਵੇਂ ਜਾਰੀ ਹੈ। ਅੱਜ ਕੱਲ੍ਹ ਪੰਜਾਬ ਇਨ੍ਹਾਂ ਫਿਰਕੂ ਸਿਆਸੀ ਚਾਲਾਂ ਨੂੰ ਹੀ ਹੰਢਾ ਰਿਹਾ ਹੈ। ਅੱਜ ਦੇ ਇਕੱਠਾਂ ਨੇ ਪੰਜਾਬ ਭਰ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਆਪਸੀ ਭਾਈਚਾਰਕ ਸਾਂਝ ਤੇ ਏਕਤਾ ਕਾਇਮ ਰੱਖਣ ਅਤੇ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ਾਂ ਨੂੰ ਮੱਧਮ ਨਾ ਪੈਣ ਦੇਣ। ਅਸਲ ਲੋਕ ਮੁੱਦਿਆਂ ਨੂੰ ਭਟਕਾਊ ਮੁੱਦਿਆਂ ਹੇਠ ਰੁਲਣ ਨਾ ਦੇਣ ਅਤੇ ਆਪਣੇ ਸੰਘਰਸ਼ਾਂ ਦੀ ਸਾਮਰਾਜ ਵਿਰੋਧੀ ਧਾਰ ਨੂੰ ਹੋਰ ਤਿੱਖੀ ਕਰਨ।
ਇਕੱਠਾਂ ਨੂੰ ਸੰਬੋਧਨ ਕਰਨ ਵਾਲੇ ਬੁਲਾਰਿਆਂ ਵਿਚ ਸੂਬਾਈ ਆਗੂਆਂ ਸਰਵ ਸ੍ਰੀ ਜੋਗਿੰਦਰ ਸਿੰਘ ਉਗਰਾਹਾਂ, ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ, ਜਗਤਾਰ ਸਿੰਘ ਕਾਲਾਝਾੜ, ਰੂਪ ਸਿੰਘ ਛੰਨਾ, ਹਰਿੰਦਰ ਕੌਰ ਬਿੰਦੂ ਤੋਂ ਇਲਾਵਾ ਜ਼ਿਲ੍ਹਿਆਂ ਤੇ ਬਲਾਕਾਂ ਦੇ ਆਗੂ ਸ਼ਾਮਲ ਸਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h