FIFA World Cup 2022: ਕਤਰ ‘ਚ ਖੇਡੇ ਗਏ ਫੀਫਾ ਵਿਸ਼ਵ ਕੱਪ 2022 ‘ਚ ਅਰਜਨਟੀਨਾ ਦੀ ਟੀਮ ਨੇ ਆਖਿਰਕਾਰ ਫਰਾਂਸ ਖਿਲਾਫ ਬੇਹੱਦ ਰੋਮਾਂਚਕ ਮੈਚ ਜਿੱਤ ਕੇ ਖਿਤਾਬ ਦਾ ਸੋਕਾ ਖ਼ਤਮ ਕਰ ਦਿੱਤਾ। ਅਰਜਨਟੀਨਾ ਦੀ ਟੀਮ ਨੇ ਪੈਨਲਟੀ ਸ਼ੂਟਆਊਟ ਵਿੱਚ 4-2 ਨਾਲ ਜਿੱਤ ਦਰਜ ਕਰਕੇ 36 ਸਾਲਾਂ ਤੋਂ ਚੱਲ ਰਹੇ ਸੋਕੇ ਨੂੰ ਖ਼ਤਮ ਕੀਤਾ। ਮੈਚ ਦੇ ਪਹਿਲੇ 79 ਮਿੰਟਾਂ ‘ਚ ਅਰਜਨਟੀਨਾ ਦੀ ਟੀਮ ਨੇ 2-0 ਦੀ ਬੜ੍ਹਤ ਹਾਸਲ ਕੀਤੀ ਪਰ ਸਿਰਫ 97 ਸਕਿੰਟਾਂ ਦੇ ਅੰਦਰ ਹੀ ਕਾਇਲੀਨ ਐਮਬਾਪੇ ਨੇ ਆਪਣੀ ਟੀਮ ਨੂੰ ਵਾਪਸੀ ਕਰਵਾਉਂਦੇ ਹੋਏ ਸਕੋਰ ਬਰਾਬਰ ਕਰ ਦਿੱਤਾ।
ਅਰਜਨਟੀਨਾ ਨੂੰ ਮਿਲਿਆ 374 ਕਰੋੜ ਦਾ ਇਨਾਮ
ਲਿਓਨਲ ਮੇਸੀ ਨੇ ਐਕਟ੍ਰਾ ਟਾਈਮ ‘ਚ ਫਿਰ ਗੋਲ ਕਰਕੇ ਆਪਣੀ ਟੀਮ ਨੂੰ ਬੜ੍ਹਤ ਦਿਵਾਈ, ਪਰ 116ਵੇਂ ਮਿੰਟ ‘ਚ ਕਾਇਲੀਨ ਐਮਬਾਪੇ ਨੇ ਪੈਨਲਟੀ ਕਿੱਕ ’ਤੇ ਗੋਲ ਕਰਕੇ ਸਕੋਰ ਮੁੜ ਬਰਾਬਰ ਕਰ ਦਿੱਤਾ, ਜਿਸ ਕਾਰਨ ਮੈਚ ਪੈਨਲਟੀ ਸ਼ੂਟਆਊਟ ਵਿੱਚ ਚਲਾ ਗਿਆ। ਪੈਨਲਟੀ ਸ਼ੂਟਆਊਟ ‘ਚ ਜਿੱਤ ਨਾਲ ਅਰਜਨਟੀਨਾ ਦੀ ਟੀਮ ਨੇ ਤੀਜਾ ਵਿਸ਼ਵ ਕੱਪ ਖਿਤਾਬ ਜਿੱਤਿਆ, ਜਦਕਿ ਮੈਰਾਡੋਨਾ ਤੋਂ ਬਾਅਦ ਮੇਸੀ ਆਪਣੇ ਦੇਸ਼ ਲਈ ਇਹ ਵਿਸ਼ਵ ਕੱਪ ਜਿੱਤ ਕੇ ਮਹਾਨ ਖਿਡਾਰੀਆਂ ‘ਚੋਂ ਇਕ ਬਣ ਗਿਆ
🏆 𝑳𝒊𝒐𝒏𝒆𝒍 𝑨𝒏𝒅𝒓𝒆𝒔 𝑴𝒆𝒔𝒔𝒊 is finally a #FIFAWorldCup champion 💙#Argentina #Messi #Qatar2022 #FIFAWorldCupFinal pic.twitter.com/sBcTIVQF6Q
— JioCinema (@JioCinema) December 19, 2022
ਇਸ ਜਿੱਤ ਨਾਲ ਅਰਜਨਟੀਨਾ ਦੀ ਟੀਮ ਨੇ ਨਾ ਸਿਰਫ਼ ਵਿਸ਼ਵ ਕੱਪ ਚੈਂਪੀਅਨ ਬਣਨ ਦਾ ਖ਼ਿਤਾਬ ਜਿੱਤ ਲਿਆ, ਸਗੋਂ ਇਨਾਮ ਵਜੋਂ 374 ਕਰੋੜ ਰੁਪਏ (4 ਕਰੋੜ 20 ਲੱਖ ਡਾਲਰ) ਵੀ ਜਿੱਤੇ। ਇਸ ਸਾਲ ਫੀਫਾ ਵਿਸ਼ਵ ਵਿੱਚ ਇਨਾਮੀ ਰਾਸ਼ੀ 3600 ਕਰੋੜ ਰੁਪਏ ਸੀ। ਇਸ ਦੇ ਨਾਲ ਹੀ ਫੀਫਾ ਵਿਸ਼ਵ ਕੱਪ ਵਿੱਚ ਉਪ ਜੇਤੂ ਰਹੀ ਫਰਾਂਸ ਦੀ ਟੀਮ ਨੂੰ 30 ਮਿਲੀਅਨ ਡਾਲਰ ਦੀ ਇਨਾਮੀ ਰਾਸ਼ੀ ਦਿੱਤੀ ਗਈ।
ਬਾਕੀ ਟੀਮਾਂ ਨੂੰ ਮਿਲੇ ਕਿੰਨੇ ਪੈਸੇ
ਦੱਸ ਦਈਏ ਕਿ ਜਦੋਂ ਫਰਾਂਸ ਨੇ ਸਾਲ 2018 ਵਿੱਚ ਵਿਸ਼ਵ ਕੱਪ ਜਿੱਤਿਆ ਸੀ ਤਾਂ ਇਨਾਮੀ ਰਾਸ਼ੀ 3 ਕਰੋੜ 80 ਲੱਖ ਡਾਲਰ ਸੀ। ਖਿਡਾਰੀਆਂ ਨੂੰ ਪੂਰੀ ਰਕਮ ਨਹੀਂ ਮਿਲਦੀ, ਪਰ ਉਨ੍ਹਾਂ ਨੂੰ ਵਧੇਰੇ ਹਿੱਸਾ ਮਿਲਦਾ ਹੈ। ਤੀਜੇ ਸਥਾਨ ‘ਤੇ ਰਹੀ ਟੀਮ ਕ੍ਰੋਏਸ਼ੀਆ ਨੂੰ 2 ਕਰੋੜ 70 ਲੱਖ ਡਾਲਰ ਦਿੱਤੇ ਗਏ, ਜਦਕਿ ਚੌਥੇ ਸਥਾਨ ‘ਤੇ ਰਹੀ ਮੋਰੱਕੋ ਨੂੰ ਢਾਈ ਕਰੋੜ ਡਾਲਰ ਦਿੱਤੇ ਗਏ।
ਨਾਲ ਹੀ ਕੁਆਰਟਰ ਫਾਈਨਲ ਮੈਚ ਵਿੱਚ ਹਾਰਨ ਵਾਲੀ ਟੀਮ ਨੂੰ 17 ਮਿਲੀਅਨ ਡਾਲਰ ਦੀ ਇਨਾਮੀ ਰਾਸ਼ੀ ਦਿੱਤੀ ਗਈ, ਜਦਕਿ ਪ੍ਰੀ-ਕੁਆਰਟਰ ਫਾਈਨਲ ਤੋਂ ਬਾਹਰ ਰਹਿਣ ਵਾਲੀਆਂ ਟੀਮਾਂ ਨੂੰ ਪ੍ਰਤੀ ਟੀਮ 13 ਮਿਲੀਅਨ ਡਾਲਰ ਦਾ ਇਨਾਮ ਦਿੱਤਾ ਗਿਆ ਹੈ।
ਗਰੁੱਪ ਪੜਾਅ ਤੋਂ ਬਾਹਰ ਹੋਣ ਵਾਲੀ ਹਰ ਟੀਮ ਨੂੰ 9 ਮਿਲੀਅਨ ਡਾਲਰ ਦੀ ਇਨਾਮੀ ਰਾਸ਼ੀ ਮਿਲੀ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਫਰਾਂਸ ਦੇ ਕਾਇਲੀਨ ਐਮਬਾਪੇ ਨੇ ਵਿਸ਼ਵ ਕੱਪ ਫਾਈਨਲ ਮੈਚ ਵਿੱਚ 3 ਗੋਲ ਕਰਕੇ ਗੋਲਡਨ ਬੂਟ ਐਵਾਰਡ ਜਿੱਤਿਆ, ਜਦਕਿ ਲਿਓਨਲ ਮੇਸੀ ਨੂੰ ਪਲੇਅਰ ਆਫ ਦ ਟੂਰਨਾਮੈਂਟ ਦਾ ਐਵਾਰਡ ਦਿੱਤਾ ਗਿਆ।