Weather Update: ਪੰਜਾਬ ਵਿੱਚ ਐਤਵਾਰ ਦਿਨ ਦੀ ਸ਼ੁਰੂਆਤ ਹੀ ਭਾਰੀ ਧੁੰਦ ਦੇ ਨਾਲ ਹੋਈ ਹੈ। ਬੀਤੇ ਕੁਝ ਦਿਨਾਂ ਤੋਂ ਪੰਜਾਬ ਦਾ ਮੌਸਮ ਬਦਲ ਗਿਆ ਸੀ ਧੁੰਦ ਦੀ ਥਾਂ ਤਿੱਖੀ ਧੁੱਪ ਆਗੀ ਸੀ ਪਰ ਹੁਣ ਇੱਕ ਵਾਰ ਫਿਰ ਤੋਂ ਧੁੰਦ ਨੇ ਆਪਣੀ ਚਿੱਟੀ ਚਾਦਰ ਪਸਾਰ ਲਈ ਹੈ।
ਪੰਜਾਬ ਵਿੱਚ ਕਈ ਥਾਵਾਂ ‘ਤੇ ਸੰਘਣੀ ਧੁੰਦ ਸੀ। ਸ਼ਨੀਵਾਰ ਸਵੇਰੇ ਪਟਿਆਲਾ ਅਤੇ ਲੁਧਿਆਣਾ ਵਿੱਚ ਵਿਜ਼ੀਬਿਲਟੀ ਸਿਰਫ਼ 20 ਮੀਟਰ ਦਰਜ ਕੀਤੀ ਗਈ। ਜਦੋਂ ਕਿ ਅੰਮ੍ਰਿਤਸਰ ਵਿੱਚ 500 ਮੀਟਰ ਰਿਕਾਰਡ ਕੀਤਾ ਗਿਆ। ਇਸ ਦੇ ਨਾਲ ਹੀ ਠੰਢ ਵੀ ਵਧ ਗਈ ਹੈ।
ਸ਼ਨੀਵਾਰ ਨੂੰ ਪੰਜਾਬ ਵਿੱਚ ਤਾਪਮਾਨ 2 ਡਿਗਰੀ ਘੱਟ ਗਿਆ, ਜੋ ਕਿ ਆਮ ਨਾਲੋਂ 1.8 ਡਿਗਰੀ ਘੱਟ ਹੈ। ਮੌਸਮ ਵਿਭਾਗ ਨੇ ਸੋਮਵਾਰ ਅਤੇ ਮੰਗਲਵਾਰ ਨੂੰ ਪੰਜਾਬ ਵਿੱਚ ਕੁਝ ਥਾਵਾਂ ‘ਤੇ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਇਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਪਾਰਾ ਹੋਰ ਡਿੱਗ ਸਕਦਾ ਹੈ ਅਤੇ ਠੰਢ ਦੀ ਤੀਬਰਤਾ ਵਧ ਸਕਦੀ ਹੈ।
ਦੱਸ ਦੇਈਏ ਕਿ ਸ਼ਨੀਵਾਰ ਨੂੰ ਹੁਸ਼ਿਆਰਪੁਰ ਵਿੱਚ ਸਭ ਤੋਂ ਵੱਧ ਤਾਪਮਾਨ 23.2 ਡਿਗਰੀ ਦਰਜ ਕੀਤਾ ਗਿਆ। ਅੰਮ੍ਰਿਤਸਰ ਵਿੱਚ ਪਾਰਾ 17.5 ਡਿਗਰੀ, ਲੁਧਿਆਣਾ ਵਿੱਚ 17.7, ਪਟਿਆਲਾ ਵਿੱਚ 20.6, ਗੁਰਦਾਸਪੁਰ ਵਿੱਚ 21.8, ਫਿਰੋਜ਼ਪੁਰ ਵਿੱਚ 16.9 ਅਤੇ ਸੰਗਰੂਰ ਵਿੱਚ 20.7 ਡਿਗਰੀ ਦਰਜ ਕੀਤਾ ਗਿਆ।
ਪੰਜਾਬ ਵਿੱਚ ਘੱਟੋ-ਘੱਟ ਤਾਪਮਾਨ ਵਿੱਚ 1.6 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ। ਇਹ ਆਮ ਨਾਲੋਂ 3.5 ਡਿਗਰੀ ਵੱਧ ਹੈ। ਬਠਿੰਡਾ ਵਿੱਚ ਸਭ ਤੋਂ ਘੱਟ ਤਾਪਮਾਨ 7.6 ਡਿਗਰੀ ਦਰਜ ਕੀਤਾ ਗਿਆ। ਅੰਮ੍ਰਿਤਸਰ ਵਿੱਚ ਘੱਟੋ-ਘੱਟ ਤਾਪਮਾਨ 10.5 ਡਿਗਰੀ, ਲੁਧਿਆਣਾ ਵਿੱਚ 8.8 ਡਿਗਰੀ, ਪਟਿਆਲਾ ਵਿੱਚ 11.4 ਡਿਗਰੀ, ਫਰੀਦਕੋਟ ਵਿੱਚ 9.5 ਡਿਗਰੀ, ਗੁਰਦਾਸਪੁਰ ਵਿੱਚ 8.5 ਡਿਗਰੀ, ਐਸਬੀਐਸ ਨਗਰ ਵਿੱਚ 9.1 ਡਿਗਰੀ ਅਤੇ ਫਾਜ਼ਿਲਕਾ ਵਿੱਚ 8.9 ਡਿਗਰੀ ਦਰਜ ਕੀਤਾ ਗਿਆ।