ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਅਤੇ ਸਿੱਧੂ ਮੂਸੇਵਾਲਾ ਵਿਚਾਲੇ ਹੋਏ ਵਿਵਾਦ ਕਾਫ਼ੀ ਲੰਬੇ ਸਮੇਂ ਤਕ ਚਰਚਾ ਵਿਚ ਰਹੇ। ਦੋਹਾਂ ਗਾਇਕਾਂ ਵੱਲੋਂ ਗੀਤਾਂ ਰਾਹੀਂ ਇਕ ਦੂਜੇ ਨੂੰ ਜਵਾਬ ਦਿੱਤੇ ਜਾਂਦੇ ਰਹੇ।
ਹੁਣ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਕਰਨ ਔਜਲਾ ਪਹਿਲੀ ਵਾਰ ਇਸ ‘ਤੇ ਖੁੱਲ੍ਹ ਕੇ ਬੋਲੇ ਹਨ ਤੇ ਕਿਹਾ ਹੈ ਕਿ ਇਹ ਸਭ ਕੁੱਝ ਨਹੀਂ ਸੀ ਹੋਣਾ ਚਾਹੀਦਾ।
ਇਕ ਇੰਟਰਵਿਊ ਦੌਰਾਨ ਸਿੱਧੂ ਮੂਸੇਵਾਲਾ ਨਾਲ ਹੋਏ ਵਿਵਾਦਾਂ ਬਾਰੇ ਗੱਲ ਕਰਦਿਆਂ ਕਰਨ ਔਜਲਾ ਨੇ ਕਿਹਾ ਹੈ ਕਿ ਹੁਣ ਮਹਿਸੂਸ ਹੁੰਦਾ ਹੈ ਕਿ ਉਹ ਸਭ ਕੁੱਝ ਕਰਨ ਦੀ ਕੋਈ ਲੋੜ ਨਹੀਂ ਸੀ। ਜੋ ਕੁੱਝ ਸਿੱਧੂ ਮੂਸੇਵਾਲਾ ਤੇ ਉਸ ਦੇ ਪਰਿਵਾਰ ਨਾਲ ਹੋਇਆ, ਉਹ ਵੇਖ ਕੇ ਮੇਰਾ ਜ਼ਿੰਦਗੀ ਨੂੰ ਵੇਖਣ ਦਾ ਨਜ਼ਰੀਆ ਅਤੇ ਕੁੱਝ ਵੀ ਕਰਨ ਦਾ ਤਰੀਕਾ ਹੀ ਬਦਲ ਗਿਆ।
ਪੰਜਾਬੀ ਗਾਇਕ ਨੇ ਕਿਹਾ ਕਿ, “ਮੈਂ 29 ਮਈ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਫ਼ੋਨ ਕੀਤਾ ਤੇ ਉਨ੍ਹਾਂ ਨੇ ਮੈਨੂੰ ਅਸ਼ੀਰਵਾਦ ਦਿੱਤਾ। ਮੈਂ ਇਸ ਚੀਜ਼ ਲਈ ਮੁਆਫ਼ੀ ਮੰਗੀ ਕਿ ਮੈਂ ਉੱਥੇ ਮੌਜੂਦ ਨਹੀਂ ਹਾਂ। ਮੈਨੂੰ ਨਹੀਂ ਪਤਾ ਕਿ ਤੁਹਾਨੂੰ ਕੀ ਕਹਾਂ, ਪਰ ਮੈਂ ਤੁਹਾਡਾ ਦੂਜਾ ਪੁੱਤਰ ਹਾਂ।” ਕਰਨ ਔਜਲਾ ਨੇ ਕਿਹਾ ਕਿ ਸਿੱਧੂ ਦੇ ਮਾਪਿਆਂ ਨੂੰ ਜਿੱਥੇ ਵੀ ਲੋੜ ਹੋਵੇਗੀ, ਮੈਂ ਹਮੇਸ਼ਾ ਉੱਥੇ ਖੜ੍ਹਾ ਰਹਾਂਗਾ।
ਇਸ ਇੰਟਰਵੀਊ ਦੌਰਾਨ ਕਰਨ ਔਜਲਾ ਨੇ ਦੱਸਿਆ ਹੈ ਕਿ ਉਸ ਨੇ ਸਿੱਧੂ ਦੀ ਮੌਤ ਤੋਂ ਪਹਿਲਾਂ ਉਸ ਨੂੰ ਫ਼ੋਨ ਕਰ ਕੇ ਸਾਰੇ ਗਿਲੇ-ਸ਼ਿਕਵੇ ਦੂਰ ਕਰ ਲਏ ਸਨ। ਇਸ ਦੌਰਾਨ ਸਿੱਧੂ ਨੇ ਵੀ ਕਿਹਾ ਸੀ ਕਿ ਕੁੱਝ ਲੋਕ ਦੋਹਾਂ ਵਿਚਾਲੇ ਗੱਲਾਂ ਨੂੰ ਵਿਗਾੜ ਰਹੇ ਹਨ।
ਕਰਨ ਔਜਲਾ ਨੇ ਕਿਹਾ, “ਮੈਂ ਉਸ ਨੂੰ ਫ਼ੋਨ ਕੀਤਾ ਸੀ ਤੇ ਆਪਣੇ ਵਿਚਾਲੇ ਸਾਰੀਆਂ ਗੱਲਾਂ ਸਾਫ਼ ਕੀਤੀਆਂ। ਇਸ ਨਾਲ ਮੈਨੂੰ ਥੋੜ੍ਹੀ ਰਾਹਤ ਮਹਿਸੂਸ ਹੋਈ।
ਇਸ ਗੱਲ ਦਾ ਅੱਜਤਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਤੋਂ ਇਲਾਵਾ ਹੋਰ ਕਿਸੇ ਨੂੰ ਨਹੀਂ ਪਤਾ। ਉਸ ਵੇਲੇ ਸਿੱਧੂ ਨੇ ਕਿਹਾ ਸੀ ਕਿ ਕੁੱਝ ਲੋਕ ਹੀ ਹਨ ਜੋ ਦੋਹਾਂ ਵਿਚਾਲੇ ਇਨ੍ਹਾਂ ਗੱਲਾਂ ਨੂੰ ਜ਼ਿਆਦਾ ਵਿਗਾੜ ਰਹੇ ਹਨ। ਉਸ ਤੋਂ ਬਾਅਦ ਸਾਡੇ ਦੋਹਾਂ ਵਿਚਾਲੇ ਸੱਭ ਕੁੱਝ ਠੀਕ ਰਿਹਾ।”