ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪਹਿਲੀ ਬਰਸੀ ਪਿੰਡ ਬਾਦਲ ਵਿਖੇ ਮਨਾਈ ਜਾ ਰਹੀ ਹੈ। ਬਰਸੀ ਸਮਾਗਮ ਵਿਚ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਸਮੇਤ ਕਈ ਵੱਡੇ ਸਿਆਸੀ ਆਗੂ ਪਹੁੰਚ ਕੇ ਸ. ਬਾਦਲ ਨੂੰ ਸ਼ਰਧਾਂਜਲੀ ਦੇਣਗੇ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦਾ ਪਿਛਲੇ ਸਾਲ ਦੇਹਾਂਤ ਹੋ ਗਿਆ ਸੀ । ਉਹ 95 ਸਾਲ ਦੇ ਸਨ।
ਪ੍ਰਕਾਸ਼ ਸਿੰਘ ਬਾਦਲ ਭਾਰਤੀ ਸਿਆਸਤ ਦੇ ਵੱਡੇ ਕੱਦ ਵਾਲੇ ਖੇਤਰੀ ਆਗੂਆਂ ਵਿੱਚ ਸ਼ੁਮਾਰ ਸਨ।
ਉਹ ਪੰਜਾਬ ਦੇ 5 ਵਾਰ ਮੁੱਖ ਮੰਤਰੀ ਬਣੇ ਅਤੇ 1996 ਤੋਂ 2008 ਤੱਕ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਵਜੋਂ ਕੰਮ ਕਰਦੇ ਰਹੇ।
1970 ਵਿੱਚ ਬਾਦਲ 43 ਸਾਲ ਦੀ ਉਮਰ ਵਿੱਚ ਪਹਿਲੀ ਵਾਰ ਕਿਸੇ ਭਾਰਤੀ ਸੂਬੇ ਦੇ ਮੁੱਖ ਮੰਤਰੀ ਬਣਨ ਵਾਲੇ ਸਭ ਤੋਂ ਛੋਟੀ ਉਮਰ ਦੇ ਆਗੂ ਸਨ।
2017 ਵਿੱਚ ਜਦੋਂ ਉਨ੍ਹਾਂ ਦਾ 5ਵਾਂ ਕਾਰਜਕਾਲ ਪੂਰਾ ਹੋਇਆ ਤਾਂ ਉਹ 90 ਸਾਲ ਦੀ ਉਮਰ ਦੇ ਕਿਸੇ ਭਾਰਤੀ ਸੂਬੇ ਦੇ ਸਭ ਤੋਂ ਵਡੇਰੀ ਉਮਰ ਦੇ ਮੁੱਖ ਮੰਤਰੀ ਸਨ।
1979 ਤੋਂ 1980 ਦੌਰਾਨ ਉਹ ਕੇਂਦਰ ਵਿੱਚ ਚੌਧਰੀ ਚਰਨ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਿੱਚ ਖੇਤੀ ਮੰਤਰੀ ਬਣੇ ਸਨ।
ਪਰ ਉਨ੍ਹਾਂ ਮੁੜ ਕੇ ਕਦੇ ਵੀ ਕੇਂਦਰ ਵੱਲ ਨਹੀਂ ਤੱਕਿਆ ਅਤੇ ਆਪਣਾ ਪੂਰਾ ਧਿਆਨ ਸੂਬਾਈ ਸਿਆਸਤ ਉੱਤੇ ਕ੍ਰੇਂਦਿਤ ਕੀਤਾ।
ਪ੍ਰਕਾਸ਼ ਸਿੰਘ ਬਾਦਲ ਭਾਵੇਂ ਕਿ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਅਕਾਲੀ ਪਾਰਟੀ ਦੇ ਆਗੂ ਸਨ, ਪਰ ਉਨ੍ਹਾਂ ਹਿੰਦੂਤਵੀ ਸੋਚ ਵਾਲੀ ਭਾਜਪਾ ਨਾਲ ਗਠਜੋੜ ਕਰਕੇ ਸੱਤਾ ਹਾਸਲ ਕੀਤੀ ਅਤੇ ਪੰਜਾਬ ਦੀ ਸਿਆਸਤ ਵਿੱਚ ਕਈ ਕੀਰਤੀਮਾਨ ਸਥਾਪਿਤ ਕੀਤੇ।