Jalandhar Lok Sabha elections: ਜਲੰਧਰ ਜ਼ਿਮਨੀ ਚੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) ਨੇ ਭਾਜਪਾ ਨੂੰ ਇਕ ਹੋਰ ਵੱਡਾ ਝਟਕਾ ਦਿੱਤਾ ਹੈ। ਭਾਜਪਾ ਆਗੂ ਅਤੇ ਜਲੰਧਰ ਪੱਛਮੀ ਤੋਂ ਵਿਧਾਨ ਸਭਾ ਚੋਣਾਂ 2022 ਲਈ ਪਾਰਟੀ ਦੇ ਉਮੀਦਵਾਰ ਮਹਿੰਦਰ ਪਾਲ ਭਗਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।
‘ਆਪ’ ਪੰਜਾਬ ਦੇ ਪ੍ਰਧਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਮਹਿੰਦਰ ਭਗਤ ਦਾ ਆਮ ਆਦਮੀ ਪਾਰਟੀ ‘ਚ ਸਵਾਗਤ ਕੀਤਾ ਹੈ। ਇਸ ਮੌਕੇ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਅਤੇ ‘ਆਪ’ ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਵੀ ਹਾਜ਼ਰ ਸਨ।
ਮਹਿੰਦਰ ਭਗਤ ਤੋਂ ਪਹਿਲਾਂ, ਸੁਸ਼ੀਲ ਕੁਮਾਰ ਰਿੰਕੂ, ਜੋ ਪੰਜਾਬ ਵਿਧਾਨ ਸਭਾ ਚੋਣਾਂ 2022 ਦੌਰਾਨ ‘ਆਪ’ ਦੇ ਸ਼ੀਤਲ ਅੰਗੁਰਾਲ ਵਿਰੁੱਧ ਕਾਂਗਰਸ ਦੇ ਉਮੀਦਵਾਰ ਸਨ, ‘ਆਪ’ ਵਿੱਚ ਸ਼ਾਮਲ ਹੋ ਗਏ ਸਨ ਅਤੇ ਪਾਰਟੀ ਦੇ ਉਮੀਦਵਾਰ ਵਜੋਂ ਜਲੰਧਰ ਜ਼ਿਮਨੀ ਚੋਣ ਲੜ ਰਹੇ ਹਨ। ਜਿਥੋਂ ਤੱਕ ਜਲੰਧਰ ਪੱਛਮੀ ਦਾ ਸਬੰਧ ਹੈ, ਇੱਥੇ ‘ਆਪ’ ਇਕਲੌਤੀ ਪਾਰਟੀ ਹੈ ਕਿਉਂਕਿ ਮੁਕਾਬਲੇ ਲਈ ਵਿਰੋਧੀ ਪਾਰਟੀਆਂ ‘ਚੋਂ ਕੋਈ ਵੀ ਨਹੀਂ ਬਚਿਆ ਹੈ। ਸਥਾਨਕ ਕੌਂਸਲਰ ਅਤੇ ਆਗੂ ਵੀ ਆਪਣੀਆਂ ਪਾਰਟੀਆਂ ਛੱਡ ਕੇ ‘ਆਪ’ ਵਿਧਾਇਕ ਸ਼ੀਤਲ ਅੰਗੁਰਾਲ ਨੂੰ ਸਮਰਥਨ ਦੇ ਰਹੇ ਹਨ।
ਭਾਜਪਾ ਦੇ ਜਲੰਧਰ ਪੱਛਮੀ ਦੇ ਇੰਚਾਰਜ ਮਹਿੰਦਰ ਭਗਤ, ਭਗਤ ਚੁੰਨੀ ਲਾਲ ਦੇ ਪੁੱਤਰ ਹਨ ਜੋਕਿ ਅਕਾਲੀ-ਭਾਜਪਾ ਸਰਕਾਰ ਵਿੱਚ ਮੰਤਰੀ ਸਨ। ਮਹਿੰਦਰ ਭਗਤ ਭਾਜਪਾ ਦੀ ਟਿਕਟ ‘ਤੇ ਜਲੰਧਰ ਪੱਛਮੀ ਤੋਂ ਦੋ ਵਾਰ ਚੋਣ ਲੜ ਚੁੱਕੇ ਹਨ। ਉਹ 2007 ਤੋਂ 2011 ਤੱਕ ਮੀਡੀਅਮ ਉਦਯੋਗ ਵਿਕਾਸ ਬੋਰਡ ਪੰਜਾਬ ਦੇ ਚੇਅਰਮੈਨ ਰਹੇ। ਉਹ 1998-2001 ਅਤੇ 2017-2020 ਲਈ ਭਾਜਪਾ ਦੇ ਪੰਜਾਬ ਉਪ ਪ੍ਰਧਾਨ ਵੀ ਰਹੇ।
ਮਹਿੰਦਰ ਭਗਤ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਜਲੰਧਰ ਵਿੱਚ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੀ ਹੈ। ਪੰਜਾਬ ਵਿਧਾਨ ਸਭਾ ਚੋਣਾਂ ਦੇ ਦੋ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਹੁਣ ‘ਆਪ’ ਵਿੱਚ ਸ਼ਾਮਲ ਹੋ ਗਏ ਹਨ। ਇਹ ਜਲੰਧਰ ਜ਼ਿਮਨੀ ਚੋਣ ‘ਚ ਪਾਰਟੀ ਦੀ ਇਕਤਰਫਾ ਜਿੱਤ ਦਾ ਅਗਾਊਂ ਸੰਕੇਤ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h