Funeral of martyred soldiers of Punjab: ਪੁੰਛ ‘ਚ ਅੱਤਵਾਦੀ ਹਮਲੇ ‘ਚ ਦੇਸ਼ ਦੇ ਪੰਜ ਜਵਾਨ ਸ਼ਹੀਦ ਹੋਏ। ਇਸ ਹਮਲੇ ‘ਚ ਪੰਜਾਬ ਦੇ ਚਾਰ ਜਵਾਨ ਸ਼ਹੀਦ ਹੋਏ। ਦੱਸ ਦਈਏ ਕਿ ਇਨ੍ਹਾਂ ਸ਼ਹੀਦਾਂ ਦਾ ਅੰਤਮ ਸਸਕਾਰ ਸ਼ਨੀਵਾਰ ਨੂੰ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਇਸ ਦੇ ਨਾਲ ਹੀ ਸ਼ਹੀਦਾਂ ਲਈ ਲੋਕਾਂ ਦਾ ਹਜ਼ੂਮ ਵੇਖਣ ਵਾਲਾ ਸੀ। ਸੂਬੇ ਦੇ ਇਨ੍ਹਾਂ ਸ਼ਹੀਦਾਂ ਨੂੰ ਨਮ ਅੱਖਾਂ ਨਾਲ ਵਿਦਾਈ ਦਿੱਤੀ ਗਈ।
ਲੁਧਿਆਣਾ ਦੇ ਸ਼ਹੀਦ ਮਨਦੀਪ ਦਾ ਉਸਦੇ ਪੁੱਤਰ ਨੇ ਕੀਤਾ ਅੰਤਿਮ ਸਸਕਾਰ:– ਲੁਧਿਆਣਾ ਦੇ ਦੋਰਾਹਾ ਦੇ ਪਿੰਡ ਚਣਕੋਈਆਂ ਦਾ ਮਨਦੀਪ ਸਿੰਘ ਹਮਲੇ ਵਿੱਚ ਸ਼ਹੀਦ ਹੋਇਆ। ਉਸ ਦਾ ਸ਼ਨੀਵਾਰ ਨੂੰ ਪੂਰੇ ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ਗਿਆ। ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਸਮੇਤ ਕਈ ਪਤਵੰਤੇ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਲਈ ਪੁੱਜੇ। ਲੋਕਾਂ ਨੇ ਨਮ ਅੱਖਾਂ ਨਾਲ ਸ਼ਹੀਦ ਨੂੰ ਵਿਦਾਈ ਦਿੱਤੀ। ਪਿੰਡ ਦੇ ਲੋਕਾਂ ਨੇ ਮਨਦੀਪ ਸਿੰਘ ਤੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਾਏ।
ਅੰਤਿਮ ਸੰਸਕਾਰ ਤੋਂ ਪਹਿਲਾਂ ਸ਼ਹੀਦ ਦੀ ਬੇਟੀ ਤੇ ਬੇਟੇ ਨੇ ਉਨ੍ਹਾਂ ਨੂੰ ਸਲਾਮੀ ਦਿੱਤੀ। ਮਨਦੀਪ ਸਿੰਘ ਦੇ ਬੇਟੇ ਨੇ ਕਿਹਾ ਕਿ ਉਹ ਵੀ ਫੌਜ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰੇਗਾ ਅਤੇ ਦੁਸ਼ਮਣਾਂ ਦੇ ਦੰਦ ਖੱਟੇ ਕਰੇਗਾ। ਇਸ ਦੌਰਾਨ ਪਰਿਵਾਰ ਨੇ ਅਜਿਹੀ ਕਾਰਵਾਈ ਲਈ ਫੌਜ ਵਲੋਂ ਢੁੱਕਵਾਂ ਜਵਾਬ ਦੇਣ ਦੀ ਮੰਗ ਕੀਤੀ।
ਮੋਗਾ ਦੇ ਸ਼ਹੀਦ ਕੁਲਵੰਤ ਸਿੰਘ ਦਾ ਸਸਕਾਰ ਤਿੰਨ ਮਹੀਨੇ ਦੇ ਬੇਟੇ ਨੇ ਕੀਤਾ:- ਮੋਗਾ ਦੇ ਜਵਾਨ ਕੁਲਵੰਤ ਸਿੰਘ ਦਾ ਉਸਦੇ ਜੱਦੀ ਪਿੰਡ ਚੜਿੱਕ ਵਿੱਚ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਉਨ੍ਹਾਂ ਦੇ ਤਿੰਨ ਮਹੀਨੇ ਦੇ ਬੇਟੇ ਨੇ ਸ਼ਹੀਦ ਦਾ ਸਸਕਾਰ ਕੀਤਾ। ਸ਼ਹੀਦ ਦੀ ਪਤਨੀ ਨੂੰ ਰੋਂਦੇ ਦੇਖ ਹਰ ਅੱਖ ਨਮ ਹੋ ਗਈ। ਮੋਗਾ ਦੇ ਸ਼ਹੀਦ ਕੁਲਵੰਤ ਸਿੰਘ ਦੇ ਪਿਤਾ ਬਲਦੇਵ ਸਿੰਘ ਕਾਰਗਿਲ ਜੰਗ ਵਿੱਚ ਸ਼ਹੀਦ ਹੋਏ ਸੀ। ਸ਼ਹੀਦ ਬਲਦੇਵ ਸਿੰਘ ਦੀ ਨੌਕਰੀ ਉਨ੍ਹਾਂ ਦੇ ਪੁੱਤਰ ਕੁਲਵੰਤ ਸਿੰਘ ਨੂੰ ਦਿੱਤੀ ਗਈ। ਉਹ 14 ਸਾਲ ਪਹਿਲਾਂ ਨੌਕਰੀ ਜੁਆਇਨ ਹੋਇਆ ਸੀ।ਕੁਲਵੰਤ ਸਿੰਘ ਦਾ ਤਿੰਨ ਸਾਲ ਪਹਿਲਾਂ ਵਿਆਹ ਹੋਇਆ ਸੀ। ਉਨ੍ਹਾਂ ਦੀ ਡੇਢ ਸਾਲ ਦੀ ਬੇਟੀ ਅਤੇ ਤਿੰਨ ਮਹੀਨੇ ਦਾ ਬੇਟਾ ਹੈ।
ਬਠਿੰਡਾ ਦੇ ਸ਼ਹੀਦ ਸੇਵਕ ਸਿੰਘ ਪੰਚਤਤਵ ਵਿੱਚ ਵਿਲੀਨ: ਪੁੰਛ ‘ਚ ਅੱਤਵਾਦੀ ਹਮਲੇ ‘ਚ ਸ਼ਹੀਦ ਹੋਏ ਬਠਿੰਡਾ ਦੇ ਸੇਵਕ ਸਿੰਘ ਪੰਚਤੱਤ ‘ਚ ਵਿਲੀਨ ਹੋ ਗਏ। ਉਨ੍ਹਾਂ ਦਾ ਅੰਤਿਮ ਸਸਕਾਰ ਤਲਵੰਡੀ ਸਾਬੋ ਦੇ ਪਿੰਡ ਬਾਘਾ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਤਲਵੰਡੀ ਸਾਬੋ ਦੇ ਪਿੰਡ ਬਾਘਾ ਦਾ ਰਹਿਣ ਵਾਲਾ ਸ਼ਹੀਦ ਸੇਵਕ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਸ ਦੀਆਂ ਦੋ ਭੈਣਾਂ ਹਨ।
ਅੰਤਿਮ ਸੰਸਕਾਰ ‘ਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਪਹੁੰਚੇ। ਉਨ੍ਹਾਂ ਸ਼ਹੀਦ ਨੂੰ ਸਲਾਮੀ ਦੇ ਕੇ ਸ਼ਰਧਾਂਜਲੀ ਭੇਟ ਕੀਤੀ। ਇਸ ਦੇ ਨਾਲ ਹੀ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਸ਼ਹੀਦ ਦੇ ਨਾਂ ’ਤੇ ਯਾਦਗਾਰ ਬਣਾਉਣ ਦੀ ਮੰਗ ਕੀਤੀ ਹੈ।
ਬਟਾਲਾ ਦੇ ਹਰਕ੍ਰਿਸ਼ਨ ਦਾ ਜੱਦੀ ਪਿੰਡ ਤਲਵੰਡੀ ਭਰਥ ‘ਚ ਅੰਤਮ ਸਸਕਾਰ: ਪੁੰਛ ‘ਚ ਹੋਏ ਅੱਤਵਾਦੀ ਹਮਲੇ ‘ਚ ਸ਼ਹੀਦ ਹੋਏ ਬਟਾਲਾ ਦੇ ਹਰਕ੍ਰਿਸ਼ਨ ਦਾ ਉਨ੍ਹਾਂ ਦੇ ਜੱਦੀ ਪਿੰਡ ਤਲਵੰਡੀ ਭਰਥ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਸ਼ਹੀਦ ਹਰਕ੍ਰਿਸ਼ਨ ਸਿੰਘ 49 ਰਾਸ਼ਟਰੀ ਰਾਈਫਲਜ਼ ਵਿੱਚ ਸੇਵਾ ਨਿਭਾਅ ਰਹੇ ਸੀ। ਉਹ ਆਪਣੇ ਪਿੱਛੇ ਪਤਨੀ ਅਤੇ 3 ਸਾਲ ਦੀ ਬੇਟੀ ਛੱਡ ਗਿਆ ਹੈ। ਫਰਵਰੀ 2023 ਵਿਚ ਹੀ ਉਹ ਇੱਕ ਮਹੀਨੇ ਦੀ ਛੁੱਟੀ ਕੱਟ ਕੇ ਡਿਊਟੀ ‘ਤੇ ਪਰਤਿਆ ਸੀ।
ਹਮੇਸ਼ਾ ਹੱਸਦੇ-ਖੇਡਦੇ ਅਤੇ ਉਸਾਰੂ ਸੋਚ ਦੇ ਮਾਲਕ ਹਰਕ੍ਰਿਸ਼ਨ ਦੀ ਸ਼ਹੀਦੀ ਦੀ ਖ਼ਬਰ ਜਦੋਂ ਪਿੰਡ ਦੇ ਲੋਕਾਂ ਨੂੰ ਸੁਣੀ ਤਾਂ ਸੋਗ ਦੀ ਲਹਿਰ ਫੈਲ ਗਈ। ਮਾਂ ਦੇ ਹੰਝੂ ਨਹੀਂ ਰੁਕ ਰਹੇ, ਜਦਕਿ ਪਤਨੀ ਦਲਜੀਤ ਕੌਰ ਦਾ ਵੀ ਰੋ-ਰੋ ਕੇ ਬੁਰਾ ਹਾਲ ਸੀ। ਸ਼ਹੀਦ ਦੀ ਪਤਨੀ ਦਲਜੀਤ ਕੌਰ ਨੇ ਦੱਸਿਆ ਕਿ ਵੀਰਵਾਰ ਨੂੰ ਉਨ੍ਹਾਂ ਦੀ ਆਪਣੇ ਪਤੀ ਨਾਲ ਵੀਡੀਓ ਕਾਲ ‘ਤੇ ਗੱਲਬਾਤ ਹੋਈ ਅਤੇ ਉਹ ਕਾਫੀ ਦੇਰ ਤੱਕ ਗੱਲਬਾਤ ਕਰਦੇ ਰਹੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h