Gangster Deepak Tinu Arrested From Ajmer Rajasthan: ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਸ਼ਾਮਲ ਗੈਂਗਸਟਰ ਦੀਪਕ ਟੀਨੂੰ ਨੂੰ ਪੁਲਿਸ ਨੂੰ ਮੁੜ ਗ੍ਰਿਫ਼ਤਾਰ ਕਰ ਲਿਆ ਹੇ। ਟੀਨੂੰ ਨੂੰ ਕਾਬੂ ਕਰਨ ਦੇ ਨਾਲ ਹੀ ਜਾਂਚ ਏਜੰਸੀ ਨੂੰ ਉਸ ਕੋਲੋਂ 5 ਹੈਂਡ ਗਰਨੇਡ, ਇੱਕ ਅਤਿ ਆਧੁਨਿਕ ਪਿਸਤੌਲ ਅਤੇ ਹੋਰ ਹਥਿਆਰ ਵੀ ਮਿਲੇ ਸਨ, ਜਿਸ ਬਾਰੇ ਸ਼ੱਕ ਸੀ ਕਿ ਦੀਪਕ ਨੂੰ ਇਹ ਹਥਿਆਰ ਪਾਕਿਸਤਾਨ ਤੋਂ ਡਰੋਨ ਰਾਹੀਂ ਮਿਲੇ ਹਨ। ਪਰੰਤੂ ਹੁਣ ਪੁਲਿਸ ਸੂਤਰਾਂ ਨੇ ਦੱਸਿਆ ਹੈ ਕਿ ਇਹ ਪਾਕਿਸਤਾਨ ਤੋਂ ਹੀ ਅੱਤਵਾਦੀ ਗੈਂਗਸਟਰ ਰਿੰਦਾ ਨੇ ਭੇਜੇ ਸਨ। ਪੁਲਿਸ ਸੂਤਰਾਂ ਅਨੁਸਾਰ ਇਹ ਹਥਿਆਰ ਕੁੱਝ ਦਿਨ ਪਹਿਲਾਂ ਹੀ ਪਾਕਿਸਤਾਨ ਤੋਂ ਡਰੋਨ ਰਾਹੀਂ ਭੇਜੇ ਗਏ ਸਨ। ਇਹ ਵੀ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਨ੍ਹਾਂ ਹਥਿਆਰਾਂ ਦੀ ਖੇਪ ਲਾਰੈਂਸ ਦੇ ਗਿਰੋਹ ਤੱਕ ਪੁੱਜਣੀ ਸੀ, ਜਿਸ ਰਾਹੀਂ ਹਾਈ ਪ੍ਰੋਫਾਈਲ ਕਤਲ ਕੇਸ ਨੂੰ ਅੰਜਾਮ ਦਿੱਤਾ ਜਾਣਾ ਸੀ। ਦੱਸ ਦੇਈਏ ਕਿ ਗੈਂਗਸਟਰ ਦੀਪਕ ਟੀਨੂੰ 1-2 ਅਕਤੂਬਰ ਰਾਤ ਨੂੰ ਮਾਨਸਾ ਸੀਆਈਏ ਸਟਾਫ ਦੀ ਗ੍ਰਿਫ਼ਤ ‘ਚੋਂ ਫਰਾਰ ਹੋ ਗਿਆ ਸੀ।ਜਿਸ ਨੂੰ ਬੀਤੇ ਕੱਲ੍ਹ ਰਾਜਸਥਾਨ ਤੋਂ ਗ੍ਰਿਫਤਾਰ ਕਰ ਲਿਆ ਗਿਆ ਸੀ।
ਪਾਕਿਸਤਾਨ ਤੋਂ ਰਿੰਦਾ ਨੇ ਭੇਜੇ ਸੀ ਹਥਿਆਰ
ਪੁਲਿਸ ਸੂਤਰਾਂ ਅਨੁਸਾਰ ਗੈਂਗਸਟਰ ਦੀਪਕ ਟੀਨੂੰ ਤੋਂ ਪੁੱਛਗਿੱਛ ਵਿੱਚ ਦਿੱਲੀ ਦੀ ਸਪੈਸ਼ਲ ਸੈਲ ਵੱਲੋਂ ਗ੍ਰੇਨੇਡ ਰਿਕਵਰੀ ਬਾਰੇ ਵੱਡਾ ਖੁਲਾਸਾ ਕੀਤਾ ਹੈ। ਉਸ ਨੇ ਦੱਸਿਆ ਕਿ ਜਿਹੜੇ ਗ੍ਰੇਨੇਡ ਅਤੇ ਦੋ ਆਟੋਮੈਟਿਕ ਪਿਸਤੌਲ ਪੁਲਿਸ ਨੇ ਉਸ ਕੋਲੋਂ ਬਰਾਮਦ ਕੀਤੇ ਹਨ, ਉਹ ਪਾਕਿਸਤਾਨ ਤੋਂ ਡਰੋਨ ਰਾਹੀਂ ਕੁੱਝ ਦਿਨ ਪਹਿਲਾਂ ਹੀ ਪੁੱਜੇ ਸਨ।
ਕਾਬਲੇਗੌਰ ਹੈ ਹੈ ਕਿ ਦੀਪਕ ਟੀਨੂੰ ਹਾਲ ਹੀ ‘ਚ ਮਾਨਸਾ ਪੰਜਾਬ ਦੇ ਸੀਆਈਏ ਦੇ ਇੰਚਾਰਜ ਪ੍ਰੀਤਪਾਲ ਦੀ ਹਿਰਾਸਤ ‘ਚੋਂ ਫਰਾਰ ਹੋ ਗਿਆ ਸੀ। ਇਸ ਤੋਂ ਬਾਅਦ ਦੀਪਕ ਦੀ ਭਾਲ ‘ਚ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਸੀ, ਜਿਸ ਨੇ ਪੂਰੀ ਤਰ੍ਹਾਂ ਜਾਲ ਵਿਛਾ ਕੇ ਗੈਂਗਸਟਰ ਦੀਪਕ ਟੀਨੂੰ ਨੂੰ ਵਿਦੇਸ਼ ਭੱਜਣ ਤੋਂ ਪਹਿਲਾਂ ਰਾਜਸਥਾਨ ਦੇ ਅਜਮੇਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਹੁਣ ਦੀਪਕ ਟੀਨੂੰ ਤੋਂ ਹੋਰ ਵੀ ਵੱਡੇ ਖੁਲਾਸੇ ਕਰਵਾ ਰਹੀ ਹੈ।
ਮਾਹੌਲ ਖਰਾਬ ਕਰਨ ਦੀ ਸਾਜ਼ਿਸ਼
ਦੀਪਕ ਤੋਂ ਮੁੱਢਲੀ ਜਾਂਚ ‘ਚ ਇਹ ਵੀ ਸਾਹਮਣੇ ਆਇਆ ਹੈ ਕਿ ਪੰਜਾਬ ਅਤੇ ਦਿੱਲੀ ‘ਚ ਵੱਡੀ ਸਾਜ਼ਿਸ਼ ਰਚੀ ਜਾਣੀ ਸੀ, ਜਿਸ ‘ਚ ਬੰਬੀਹਾ ਗਰੁੱਪ ਦੇ ਖਾਸ ਗੁੰਡੇ ਦੇ ਕਤਲ ਦੇ ਨਾਲ-ਨਾਲ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ ਰਚੀ ਗਈ ਸੀ।
ਰੋਹਿਤ ਦੇ ਸੰਪਰਕ ਵਿੱਚ ਸੀ ਟੀਨੂੰ
ਸੂਤਰਾਂ ਦੀ ਮੰਨੀਏ ਤਾਂ ਇਹ ਸਾਰੇ ਹਥਿਆਰ ਅਤੇ ਗ੍ਰੈਂਡ ਪਾਕਿਸਤਾਨ ਬੈਠੇ ਰਿੰਦਾ ਨੇ ਭੇਜੇ ਸਨ। ਇਹ ਸਾਰੇ ਹਥਿਆਰ ਰੋਹਿਤ ਗੋਦਾਰਾ ਗੈਂਗਸਟਰ ਜੋ ਇਸ ਸਮੇਂ ਅਜ਼ਰਬਾਈਜਾਨ ‘ਚ ਬੈਠੇ ਹਨ, ਨਾਲ ਗੱਲਬਾਤ ਤੋਂ ਬਾਅਦ ਇੱਥੇ ਪਹੁੰਚੇ ਸਨ। ਦੀਪਕ ਟੀਨੂੰ ਲਗਾਤਾਰ ਰੋਹਿਤ ਦੇ ਸੰਪਰਕ ਵਿੱਚ ਸਨ। ਪੁਲਿਸ ਸੂਤਰਾਂ ਦੀ ਮੰਨੀਏ ਤਾਂ ਦੀਪਕ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਸਰਹੱਦ ਪਾਰ ਤੋਂ ਹਥਿਆਰ ਲਗਾਤਾਰ ਡਰੋਨ ਰਾਹੀਂ ਪੰਜਾਬ ਪਹੁੰਚ ਰਹੇ ਹਨ।